- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਪੱਧਰੀ ਖੇਡਾਂ ਦੇ ਛੇਵੇਂ ਦਿਨ ਜੂਡੋ ਤੇ ਸਾਫਟਬਾਲ ਦੇ ਮੁਕਾਬਲੇ ਕਰਵਾਏ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਕਰਵਾਈਆਂ ਜਾ ਰਹੀਆਂ ਰਾਜ ਪੱਧਰੀ ਖੇਡਾਂ ਦੇ ਛੇਵੇਂ ਦਿਨ ਜੂਡੋ ਤੇ ਸਾਫਟਬਾਲ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਦੇ ਜੂਡੋ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਤੇ ਸਾਫਟਬਾਲ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਵਿਧਾਇਕ ਰਾਏ ਨੇ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਦੇਣ ਲਈ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਦੇ 55 ਕਿਲੋਗ੍ਰਾਮ ਭਾਰ ਵਰਗ ’ਚ ਸੁਖਮਨਪਾਲ ਸਿੰਘ ਨੇ ਪਹਿਲਾ, ਨੈਤਿਕ ਨੇ ਦੂਜਾ ਅਤੇ ਲਵਪ੍ਰੀਤ ਸਿੰਘ ਤੇ ਕੇਸ਼ਵ ਨੇ ਤੀਜਾ ਸਥਾਨ ਹਾਸਲ ਕੀਤਾ। 60 ਕਿਲੋਗ੍ਰਾਮ ਭਾਰ ਵਰਗ ’ਚ ਸੰਦੀਪ ਸਿੰਘ ਪਹਿਲੇ ਤੇ ਬਲਰਾਜ ਮਾਹੀ ਦੂਜੇ ਸਥਾਨ ’ਤੇ ਰਹੇ, ਜਦਕਿ 66 ਕਿਲੋਗ੍ਰਾਮ ’ਚ ਰੋਹਿਤ ਕੁਮਾਰ ਨੇ ਪਹਿਲਾ ਅਤੇ ਅਨਮੋਲ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਮੈਨ ਵਰਗ ਦੇ 55 ਕਿਲੋਗ੍ਰਾਮ ’ਚ ਵਰਿੰਦਰ ਸਿੰਘ ਪਹਿਲੇ, ਜਦਕਿ 60 ਕਿਲੋਗ੍ਰਾਮ ’ਚ ਸਾਹਿਲਦੀਪ ਪਹਿਲੇ ਅਤੇ ਸਰਾਜਪ੍ਰੀਤ ਸਿੰਘ ਦੂਜੇ ਸਥਾਨ ’ਤੇ ਰਹੇ। ਸਾਫਟਬਾਲ ਦੇ ਅੰਡਰ-14 ਲੜਕੀਆਂ ਦੇ ਮੁਕਾਬਲੇ ’ਚ ਮੋਗਾ ਨੇ ਮਾਨਸਾ ਨੂੰ 13-9 ਨਾਲ ਹਰਾਇਆ। ਅੰਡਰ-21 ਲੜਕੀਆਂ ’ਚ ਲੁਧਿਆਣਾ ਨੇ ਪਟਿਆਲਾ ਨੂੰ 1-0 ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ, ਜਦਕਿ 21-30 ਉਮਰ ਵਰਗ ’ਚ ਅੰਮ੍ਰਿਤਸਰ ਦੀ ਟੀਮ ਨੇ ਮੋਗਾ ਨੂੰ 13-3 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।