ਬੱਸ ਦੀ ਟਿਕਟ ਮੰਗਣ 'ਤੇ ਜੇਲ੍ਹ ਵਾਰਡਨ ਦਾ ਹੰਗਾਮਾ, ਕੁੱਟਮਾਰ ਦੌਰਾਨ ਕੰਡਕਟਰ ਦੀ ਟੁੱਟੀ ਨੱਕ ਦੀ ਹੱਡੀ; ਰੋਹ 'ਚ ਆਏ ਮੁਲਾਜ਼ਮਾਂ ਨੇ ਖਮਾਣੋਂ ਹਾਈਵੇਅ ਕੀਤਾ ਜਾਮ
ਮੋਹਾਲੀ ਤੋਂ ਲੁਧਿਆਣਾ ਜਾ ਰਹੀ ਜੁਝਾਰ ਬੱਸ ਦੇ ਕੰਡਕਟਰ ਅਤੇ ਰੋਪੜ ਜੇਲ੍ਹ ਵਿਭਾਗ ਵਿੱਚ ਤਾਇਨਾਤ ਇੱਕ ਵਾਰਡਨ ਵਿਚਕਾਰ ਬੱਸ ਦੀ ਟਿਕਟ ਨੂੰ ਲੈ ਕੇ ਜ਼ਬਰਦਸਤ ਵਿਵਾਦ ਹੋ ਗਿਆ। ਇਸ ਘਟਨਾ ਦੇ ਵਿਰੋਧ ਵਿੱਚ ਜੁਝਾਰ ਬੱਸ ਸਰਵਿਸ ਅਤੇ ਕੁਝ ਸਰਕਾਰੀ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੇ ਆਪਣੀਆਂ ਬੱਸਾਂ ਖਮਾਣੋਂ ਹਾਈਵੇਅ ਦੇ ਵਿਚਕਾਰ ਖੜ੍ਹੀਆਂ ਕਰਕੇ ਸੜਕ ਜਾਮ ਕਰ ਦਿੱਤੀ। ਕਰੀਬ ਡੇਢ ਘੰਟੇ ਤੱਕ ਚੱਲੇ ਇਸ ਚੱਕਾ ਜਾਮ ਕਾਰਨ ਹਾਈਵੇਅ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਰਾਹਗੀਰਾਂ ਅਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
Publish Date: Tue, 24 Nov 2026 11:14 AM (IST)
Updated Date: Tue, 24 Nov 2026 11:16 AM (IST)
ਦੀਪਕ ਸੂਦ, ਫਤਹਿਗੜ੍ਹ ਸਾਹਿਬ - ਮੋਹਾਲੀ ਤੋਂ ਲੁਧਿਆਣਾ ਜਾ ਰਹੀ ਜੁਝਾਰ ਬੱਸ ਦੇ ਕੰਡਕਟਰ ਅਤੇ ਰੋਪੜ ਜੇਲ੍ਹ ਵਿਭਾਗ ਵਿੱਚ ਤਾਇਨਾਤ ਇੱਕ ਵਾਰਡਨ ਵਿਚਕਾਰ ਬੱਸ ਦੀ ਟਿਕਟ ਨੂੰ ਲੈ ਕੇ ਜ਼ਬਰਦਸਤ ਵਿਵਾਦ ਹੋ ਗਿਆ। ਇਸ ਘਟਨਾ ਦੇ ਵਿਰੋਧ ਵਿੱਚ ਜੁਝਾਰ ਬੱਸ ਸਰਵਿਸ ਅਤੇ ਕੁਝ ਸਰਕਾਰੀ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੇ ਆਪਣੀਆਂ ਬੱਸਾਂ ਖਮਾਣੋਂ ਹਾਈਵੇਅ ਦੇ ਵਿਚਕਾਰ ਖੜ੍ਹੀਆਂ ਕਰਕੇ ਸੜਕ ਜਾਮ ਕਰ ਦਿੱਤੀ। ਕਰੀਬ ਡੇਢ ਘੰਟੇ ਤੱਕ ਚੱਲੇ ਇਸ ਚੱਕਾ ਜਾਮ ਕਾਰਨ ਹਾਈਵੇਅ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਰਾਹਗੀਰਾਂ ਅਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਜ਼ਖ਼ਮੀ ਬੱਸ ਕੰਡਕਟਰ ਬੰਟੀ ਰੇਸ਼ਮ (ਵਾਸੀ ਪੁਲਿਸ ਲਾਈਨ ਨੇੜੇ, ਫਰੀਦਕੋਟ) ਨੇ ਦੱਸਿਆ ਕਿ ਮੋਰਿੰਡਾ ਤੋਂ ਅੱਗੇ ਲੰਘਣ ਤੋਂ ਬਾਅਦ ਜਦੋਂ ਉਸ ਨੇ ਬੱਸ ਵਿੱਚ ਸਫ਼ਰ ਕਰ ਰਹੇ ਉਕਤ ਜੇਲ੍ਹ ਵਾਰਡਨ ਨੂੰ ਟਿਕਟ ਲੈਣ ਲਈ ਕਿਹਾ ਤਾਂ ਉਸ ਨੇ ਕਥਿਤ ਤੌਰ ’ਤੇ ਟਿਕਟ ਕਟਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਤਿੱਖੀ ਬਹਿਸ ਸ਼ੁਰੂ ਹੋ ਗਈ। ਕੰਡਕਟਰ ਦਾ ਦੋਸ਼ ਹੈ ਕਿ ਗੱਲਬਾਤ ਦੌਰਾਨ ਜਦੋਂ ਉਸ ਨੇ ਥਾਣੇ ਵਿੱਚ ਸੁਣਵਾਈ ਨਾ ਹੋਣ ਦੀ ਗੱਲ ਕਹੀ ਤਾਂ ਗੁੱਸੇ ਵਿੱਚ ਆਏ ਵਾਰਡਨ ਨੇ ਕਥਿਤ ਤੌਰ ’ਤੇ ਉਸ ਨੂੰ ਪੰਜ-ਛੇ ਥੱਪੜ ਮਾਰ ਦਿੱਤੇ। ਬੰਟੀ ਰੇਸ਼ਮ ਮੁਤਾਬਕ, ਬੱਸ ਵਿੱਚ ਸਵਾਰ ਹੋਰ ਯਾਤਰੀਆਂ ਦੇ ਕਹਿਣ ’ਤੇ ਜਦੋਂ ਉਹ ਅੱਗੇ ਜਾ ਕੇ ਬੱਸ ਵਿੱਚੋਂ ਹੇਠਾਂ ਉਤਰਿਆ ਤਾਂ ਕਿਸੇ ਤੇਜ਼ਧਾਰ ਜਾਂ ਨੁਕੀਲੀ ਚੀਜ਼ ਨਾਲ ਉਸ ਦੇ ਨੱਕ ਅਤੇ ਗੱਲ੍ਹ ’ਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਉਹ ਲਹੂ-ਲੁਹਾਨ ਹੋ ਗਿਆ ਅਤੇ ਉਸ ਦੇ ਚਿਹਰੇ ’ਤੇ ਚਾਰ ਟਾਂਕੇ ਲਗਾਉਣੇ ਪਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ। ਐੱਸਪੀ (ਡੀ) ਫਤਹਿਗੜ੍ਹ ਸਾਹਿਬ ਅਮਨਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਡੀਐੱਸਪੀ ਖਮਾਣੋਂ ਰਾਜਪਾਲ ਸਿੰਘ, ਐੱਸਐੱਚਓ ਖਮਾਣੋਂ ਰੋਹਿਤ ਕੁਮਾਰ ਸ਼ਰਮਾ, ਐੱਸਐੱਚਓ ਬੱਸੀ ਪਠਾਣਾਂ ਇੰਸਪੈਕਟਰ ਅਸ਼ੋਕ ਕੁਮਾਰ ਅਤੇ ਐੱਸਐੱਚਓ ਮੂਲੇਪੁਰ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਭਾਰੀ ਪੁਲਿਸ ਬਲ ਨਾਲ ਮੌਕੇ ’ਤੇ ਪਹੁੰਚੇ।
ਪੁਲਿਸ ਅਧਿਕਾਰੀਆਂ ਨੇ ਗੁੱਸੇ ਵਿੱਚ ਆਏ ਬੱਸ ਮੁਲਾਜ਼ਮਾਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਇਆ ਅਤੇ ਸਮਝਾਇਆ। ਇਸ ਤੋਂ ਬਾਅਦ ਤਣਾਅਪੂਰਨ ਸਥਿਤੀ ’ਤੇ ਕਾਬੂ ਪਾਇਆ ਗਿਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਇਆ ਗਿਆ। ਐੱਸਪੀ (ਡੀ) ਅਮਨਦੀਪ ਸਿੰਘ ਬਰਾੜ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਡੂੰਘਾਈ ਅਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਾਂਚ ਦੌਰਾਨ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉੱਧਰ, ਜ਼ਖ਼ਮੀ ਕੰਡਕਟਰ ਬੰਟੀ ਰੇਸ਼ਮ ਨੂੰ ਇਲਾਜ ਲਈ ਪਹਿਲਾਂ ਖਮਾਣੋਂ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉੱਥੇ ਡਾਕਟਰਾਂ ਨੇ ਉਸ ਦੀ ਨੱਕ ਦੀ ਹੱਡੀ ਟੁੱਟਣ ਦੀ ਪੁਸ਼ਟੀ ਕਰਦਿਆਂ ਬਿਹਤਰ ਇਲਾਜ ਲਈ ਉਸ ਨੂੰ ਫੇਜ਼-6, ਮੋਹਾਲੀ ਰੈਫਰ ਕਰ ਦਿੱਤਾ।