ਪੰਜਾਬ ਦਾ ਵਿਕਾਸ ਅਕਾਲੀ-ਭਾਜਪਾ ਨੇ ਹੀ ਕੀਤਾ : ਕੈਪਟਨ ਬਾਜਵਾ ਪੰਜਾਬ ਦਾ ਵਿਕਾਸ ਅਕਾਲੀ-ਭਾਜਪਾ ਨੇ ਹੀ ਕੀਤਾ : ਕੈਪਟਨ ਬਾਜਵਾ
Publish Date: Thu, 17 Sep 2026 10:07 PM (IST)
Updated Date: Fri, 18 Sep 2026 04:18 AM (IST)
ਫ਼ੋਟੋ ਫ਼ਾਈਲ : 13 ਫ਼ੋਟੋ ਕੈਪਸ਼ਨ : ਕੈ. ਜਸਵੰਤ ਸਿੰਘ ਬਾਜਵਾ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਸੱਤਾਧਾਰੀ ਆਮ ਆਦਮੀ ਪਾਰਟੀ ਜਿੱਥੇ ਆਪਣੇ 4 ਸਾਲਾਂ ਦੇ ਕਾਰਜਕਾਲ ਦਾ ਗੁਣਗਾਨ ਕਰ ਰਹੀ ਹੈ, ਉੱਥੇ ਹੀ ਵਿਰੋਧੀ ਧਿਰਾਂ ਵੱਲੋਂ ਸਰਕਾਰ ਦੀਆਂ ਨੀਤੀਆਂ ਨੂੰ ਅਸੰਵਿਧਾਨਕ ਤੇ ਮੌਕਾਪ੍ਰਸਤ ਦੱਸ ਕੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ, ਮੁੱਖ ਬੁਲਾਰੇ ਅਤੇ ਰਾਸ਼ਟਰਪਤੀ ਐਵਾਰਡੀ ਕੈਪਟਨ ਜਸਵੰਤ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਰਬਪੱਖੀ ਵਿਕਾਸ ਕੇਵਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਸਮੇਂ ਹੀ ਸੰਭਵ ਹੋਇਆ ਸੀ, ਕਿਉਂਕਿ ਅਕਾਲੀ ਦਲ ਦੀਆਂ ਜੜ੍ਹਾਂ ਸੂਬੇ ਦੇ ਪੇਂਡੂ ਖੇਤਰ ’ਚ ਕਾਫ਼ੀ ਮਜ਼ਬੂਤ ਹਨ ਅਤੇ ਪੰਜਾਬ ਦੀ 70 ਫ਼ੀਸਦੀ ਆਬਾਦੀ ਪਿੰਡਾਂ ’ਚ ਵਸਦੀ ਹੈ। ਕੈਪਟਨ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਅੰਦਰੂਨੀ ਫੁੱਟ ਦਾ ਸ਼ਿਕਾਰ ਹੈ, ਜਦਕਿ ‘ਆਪ’ ਸਰਕਾਰ ਵੱਲੋਂ ਚੋਣ ਵਾਅਦੇ ਪੂਰੇ ਨਾ ਕੀਤੇ ਜਾਣ ਕਾਰਨ ਲੋਕ ਇਸ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਾ ਪੇਂਡੂ ਆਧਾਰ ਅਜੇ ਨਾਮਾਤਰ ਹੈ ਅਤੇ ਉਹ ਸਿਰਫ਼ ਮਾਮੂਲੀ ਸ਼ਹਿਰੀ ਵੋਟ ਬੈਂਕ ਸਹਾਰੇ ਜਿੱਤ ਦੇ ਸੁਫ਼ਨੇ ਦੇਖ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਆਪਣੇ ਮੱਤਭੇਦ ਭੁਲਾ ਕੇ ਪਹਿਲਾਂ ਵਾਂਗ ਇਕੱਠੇ ਚੋਣ ਮੈਦਾਨ ’ਚ ਉੱਤਰਦੇ ਹਨ ਤਾਂ ਉਨ੍ਹਾਂ ਦੀ ਜਿੱਤ ਦੀ ਸੰਭਾਵਨਾ ਕਾਫ਼ੀ ਵਧ ਜਾਵੇਗੀ।