- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥੀਆਂ ਵੱਲੋਂ ਕੰਧਾਰੀ ਬੈਵਰੇਜਿਜ਼ ਦਾ ਉਦਯੋਗਿਕ ਦੌਰਾ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਕਾਮਰਸ ਤੇ ਮੈਨੇਜਮੈਂਟ ਵਿਭਾਗ ਦੇ ਬਿਜ਼ਨਸ ਕਲੱਬ ਵੱਲੋਂ ਐਮਬੀਏ ਤੇ ਐਮਕਾਮ ਦੇ ਵਿਦਿਆਰਥੀਆਂ ਲਈ ਕੰਧਾਰੀ ਬੈਵਰੇਜਿਜ਼ ਪ੍ਰਾਈਵੇਟ ਲਿਮਟਿਡ ਵਿਖੇ ਇੱਕ ਰੋਜ਼ਾ ਉਦਯੋਗਿਕ ਦੌਰਾ ਕਰਵਾਇਆ ਗਿਆ। ਇਹ ਅਦਾਰਾ ਕੋਕਾ-ਕੋਲਾ ਦੇ ਪੀਣ ਵਾਲੇ ਪਦਾਰਥਾਂ ਦੀਆਂ ਬੋਤਲਾਂ ਭਰਨ ਤੇ ਤਿਆਰ ਕਰਨ ਦਾ ਕੰਮ ਕਰਦਾ ਹੈ। ਇਹ ਦੌਰਾ ਵਿਭਾਗ ਮੁਖੀ ਡਾ. ਕੰਚਨ ਰਾਣੀ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਉਦਯੋਗ ਦੇ ਕੰਮਕਾਜ ਨਾਲ ਸਿੱਧੇ ਤੌਰ ’ਤੇ ਜੋੜ ਕੇ ਕਿਤਾਬੀ ਗਿਆਨ ਨੂੰ ਅਮਲੀ ਤਜਰਬੇ ਵਿੱਚ ਬਦਲਣਾ ਸੀ। ਦੌਰੇ ਦਾ ਤਾਲਮੇਲ ਬਿਜ਼ਨਸ ਕਲੱਬ ਕੋਆਰਡੀਨੇਟਰ ਡਾ. ਨਵਲੀਨ ਕੌਰ ਵੱਲੋਂ ਕੀਤਾ ਗਿਆ। ਇਸ ਦੌਰਾਨ ਸੀਨੀਅਰ ਅਧਿਆਪਕ ਡਾ. ਰੁਚੀ ਮਲਹੋਤਰਾ ਅਤੇ ਕਲੱਬ ਮੈਂਬਰ ਨਵਨੀਤ ਕੌਰ ਤੇ ਜਪਨੀਤ ਕੌਰ ਵੀ ਵਿਦਿਆਰਥੀਆਂ ਦੇ ਨਾਲ ਮੌਜੂਦ ਰਹੇ। ਦੌਰੇ ਦੌਰਾਨ ਵਿਦਿਆਰਥੀਆਂ ਨੇ ਪੀਣ ਵਾਲੇ ਪਦਾਰਥ ਤਿਆਰ ਕਰਨ, ਗੁਣਵੱਤਾ ਦੀ ਪਰਖ, ਸਮਾਨ ਦੀ ਢੋਆ-ਢੁਆਈ, ਮੰਡੀਕਰਨ ਅਤੇ ਮਨੁੱਖੀ ਵਸੀਲਿਆਂ ਦੇ ਪ੍ਰਬੰਧਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਵਿਦਿਆਰਥੀਆਂ ਨੇ ਇਸ ਦੌਰੇ ਨੂੰ ਬੇਹੱਦ ਲਾਹੇਵੰਦ ਦੱਸਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਉਦਯੋਗਿਕ ਕਾਰਜਪ੍ਰਣਾਲੀ ਬਾਰੇ ਸਮਝ ਹੋਰ ਪੁਖ਼ਤਾ ਹੋਈ ਹੈ। ਵਿਭਾਗ ਵੱਲੋਂ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੇ ਪੇਸ਼ੇਵਰ ਹੁਨਰ ਨੂੰ ਨਿਖਾਰਨ ਲਈ ਅਜਿਹੇ ਉਪਰਾਲੇ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ ਗਈ।