
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖਾਦਾਂ ਦੀਆਂ ਕੀਮਤਾਂ ’ਚ ਵਾਧਾ ਪੰਜਾਬ ਦੇ ਕਿਸਾਨਾਂ ’ਤੇ ਹੋਰ ਬੋਝ ਪਾਏਗਾ : ਰਾਜੂ ਖੰਨਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਖਾਦਾਂ ਦੀਆਂ ਕੀਮਤਾਂ ’ਚ ਹੋਏ ਹਾਲੀਆ ਵਾਧੇ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਕਦਮ ਪੰਜਾਬ ਦੇ ਕਿਸਾਨਾਂ ’ਤੇ ਆਰਥਿਕ ਬੋਝ ਨੂੰ ਹੋਰ ਵਧਾਏਗਾ। ਰਾਜੂ ਖੰਨਾ ਨੇ ਕਿਹਾ ਕਿ ਖਾਦ ਕੰਪਨੀਆਂ ਵੱਲੋਂ ਐਨਪੀਕੇ (12:32:16) ਦੀ ਕੀਮਤ ’ਚ 1100 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਨ ਦਾ ਫੈਸਲਾ ਦੁਖਦਾਈ ਹੈ। ਇਸ ਨਾਲ ਪਹਿਲਾਂ ਹੀ ਭਾਰੀ ਵਿੱਤੀ ਦਬਾਅ ਹੇਠ ਦੱਬੇ ਕਿਸਾਨਾਂ ਨੂੰ ਵੱਡੀ ਸੱਟ ਵੱਜੇਗੀ। ਨਵੀਆਂ ਦਰਾਂ ਨਾਲ 50 ਕਿੱਲੋ ਖਾਦ ਦੀ ਬੋਰੀ ਕਿਸਾਨਾਂ ਨੂੰ ਹੁਣ 550 ਰੁਪਏ ਮਹਿੰਗੀ ਪਵੇਗੀ। ਖਪਤ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ’ਚ ਹਰ ਸਾਲ ਲਗਭਗ 106 ਲੱਖ ਟਨ ਐਨਪੀਕੇ ਖਾਦ ਵਰਤੀ ਜਾਂਦੀ ਹੈ। ਪੰਜਾਬ ਦੇ ਕਿਸਾਨਾਂ ਨੇ ਪਿਛਲੇ ਸਾਲਾਂ ਦੌਰਾਨ ਡੀਏਪੀ ਦੀ ਥਾਂ ਐਨਪੀਕੇ ਵੱਲ ਰੁਝਾਨ ਵਧਾਇਆ ਹੈ, ਜਿਸ ਕਾਰਨ ਸੂਬੇ ’ਚ ਇਸ ਦੀ ਵਰਤੋਂ ਭਾਰੀ ਮਾਤਰਾ ’ਚ ਵਧੀ ਹੈ। ਇਸ ਕਰ ਕੇ ਕੀਮਤ ਵਾਧੇ ਦਾ ਅਸਰ ਪੰਜਾਬ ’ਤੇ ਉਨ੍ਹਾਂ ਸੂਬਿਆਂ ਦੇ ਮੁਕਾਬਲੇ ਵੱਧ ਪਵੇਗਾ ਜਿੱਥੇ ਡੀਏਪੀ ਦੀ ਵਰਤੋਂ ਹਾਲੇ ਵੀ ਪ੍ਰਮੁੱਖ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਬਹੁਤ ਗਲਤ ਸਮੇਂ ’ਤੇ ਹੋਇਆ ਹੈ ਕਿਉਂਕਿ ਕਿਸਾਨ ਪਹਿਲਾਂ ਹੀ ਕਈ ਫ਼ਸਲਾਂ ’ਤੇ ਐਮਐਸਪੀ ਨਾ ਮਿਲਣ ਕਾਰਨ ਜੂਝ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦਖ਼ਲ ਦੇ ਕੇ ਖਾਦਾਂ ’ਤੇ ਸਬਸਿਡੀ ਵਧਾਵੇ ਤਾਂ ਜੋ ਕਿਸਾਨ ਭਾਈਚਾਰੇ ’ਤੇ ਵਿੱਤੀ ਦਬਾਅ ਘਟਾਇਆ ਜਾ ਸਕੇ।