ਪੱਕੀਆਂ ਦੁਕਾਨਾਂ ਬੰਦ ਤੇ ਖੋਖਿਆਂ ’ਚ ਚੱਲ ਰਿਹਾ ਕੰਮ, ਲੋਕ ਪਰੇਸ਼ਾਨ ਮੰਡੀ ਗੋਬਿੰਦਗੜ੍ਹ ਤਹਿਸੀਲ ’ਚ ਪੱਕੀਆਂ ਦੁਕਾਨਾਂ ਬੰਦ ਤੇ ਖੋਖਿਆਂ ’ਚ ਚੱਲ ਰਿਹਾ ਕੰਮ, ਲੋਕ ਪ੍ਰੇਸ਼ਾਨ
Publish Date: Thu, 16 Jul 2026 08:43 PM (IST)
Updated Date: Fri, 17 Jul 2026 04:10 AM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਮੰਡੀ ਗੋਬਿੰਦਗੜ੍ਹ ਦੀ ਤਹਿਸੀਲ ਜੋ ਪਹਿਲਾਂ ਬੱਸ ਸਟੈਂਡ ਨਜ਼ਦੀਕ ਜੀਟੀ ਰੋਡ ਉੱਪਰ ਭੀੜ ਭਰੇ ਇਲਾਕੇ ’ਚ ਸੀ, ਨੂੰ ਬਦਲ ਕੇ ਸਾਲ 2021 ’ਚ ਪਿੰਡ ਜੱਸੜਾਂ ਦੀ ਸ਼ਾਮਲਾਟ ਜ਼ਮੀਨ ’ਚ ਤਬਦੀਲ ਕਰ ਦਿੱਤਾ ਗਿਆ ਸੀ। ਇਹ ਤਹਿਸੀਲ ਬੇਸ਼ੱਕ ਹੁਣ ਖੁੱਲ੍ਹੀ ਜਗ੍ਹਾ ’ਚ ਚਲੀ ਗਈ ਹੈ ਪਰ ਲੋਕਾਂ ਦੀ ਪਰੇਸ਼ਾਨੀ ਬਹੁਤ ਵਧ ਗਈ ਹੈ, ਕਿਉਂਕਿ ਇਹ ਸ਼ਹਿਰ ਤੋਂ ਕਾਫ਼ੀ ਬਾਹਰ ਹੈ। ਤਹਿਸੀਲ ਕੰਪਲੈਕਸ ’ਚ ਆਉਣ ਵਾਲੇ ਲੋਕਾਂ ਨੂੰ ਆਉਣ-ਜਾਣ ਲਈ ਭਾਰੀ ਖੱਜਲ-ਖੁਆਰੀ ਹੁੰਦੀ ਹੈ, ਕਿਉਂਕਿ ਦਫ਼ਤਰ ਜਾਣ ਲਈ ਭੀੜ-ਭਾੜ ਵਾਲੇ ਇਲਾਕਿਆਂ ਵਿੱਚੋਂ ਲੰਘਣਾ ਪੈਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਤਹਿਸੀਲ ਜੱਸੜਾਂ ਪਿੰਡ ਦੀ ਸ਼ਾਮਲਾਟ ਜ਼ਮੀਨ ’ਚ 4 ਏਕੜ ’ਚ ਬਣਾਈ ਗਈ ਹੈ। ਤਹਿਸੀਲ ’ਚ ਵਸੀਕਾ ਨਵੀਸ, ਅਰਜ਼ੀ ਨਵੀਸ, ਅਸਟਾਮ ਫ਼ਰੋਸ਼ ਤੇ ਟਾਈਪਿਸਟਾਂ ਆਦਿ ਲਈ ਇੱਕ ਦਰਜਨ ਦੇ ਕਰੀਬ ਦੁਕਾਨਾਂ ਬਣਾਉਣ ਲਈ ਜਗ੍ਹਾ ਦਿੱਤੀ ਗਈ ਸੀ। ਤਹਿਸੀਲਦਾਰ ਦੇ ਕਹਿਣ ’ਤੇ ਇਨ੍ਹਾਂ ਵੱਲੋਂ ਦੁਕਾਨਾਂ ਆਪਣੇ ਖ਼ਰਚੇ ’ਤੇ ਬਣਾ ਲਈਆਂ ਗਈਆਂ ਤੇ ਕਾਰੋਬਾਰ ਸ਼ੁਰੂ ਕਰ ਦਿੱਤਾ ਗਿਆ। ਸਾਲ 2022 ’ਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਦੁਕਾਨਾਂ ਦੇ ਮਾਲਕਾਂ ਨੂੰ ਨੋਟਿਸ ਭੇਜਿਆ ਗਿਆ ਕਿ ਇਹ ਗ਼ਲਤ ਤਰੀਕੇ ਨਾਲ ਬਣਾਈਆਂ ਗਈਆਂ ਹਨ। ਇਨ੍ਹਾਂ ਦੁਕਾਨਾਂ ਨੂੰ ਢਾਹੁਣ ਦੇ ਆਰਡਰ ਵੀ ਦੇ ਦਿੱਤੇ ਗਏ, ਜਿਸ ਤੋਂ ਬਾਅਦ ਦੁਕਾਨ ਮਾਲਕਾਂ ’ਚ ਹੜਕੰਪ ਮਚ ਗਿਆ ਕਿਉਂਕਿ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਦੁਕਾਨਾਂ ’ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਸਨ। ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਇਸ ਸਬੰਧੀ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ ਪਰ ਪ੍ਰਸ਼ਾਸਨ ਟੱਸ ਤੋਂ ਮੱਸ ਨਾ ਹੋਇਆ। ਇਹ ਦੁਕਾਨਾਂ ਹੁਣ ਖੰਡਰ ਬਣ ਰਹੀਆਂ ਹਨ। ਇਹ ਦੁਕਾਨਾਂ ਕਿਸ ਅਧਿਕਾਰੀ ਦੇ ਕਹੇ ’ਤੇ ਬਣੀਆਂ ਤੇ ਬਾਅਦ ਵਿੱਚ ਇਨ੍ਹਾਂ ਨੂੰ ਢਾਹੁਣ ਦੇ ਹੁਕਮ ਦੇਣ ਸਬੰਧੀ ਕੋਈ ਵੀ ਅਧਿਕਾਰੀ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਅਦ ’ਚ ਇਨ੍ਹਾਂ ਵਸੀਕਾ ਨਵੀਸਾਂ, ਅਰਜ਼ੀ ਨਵੀਸਾਂ, ਅਸਟਾਮ ਫ਼ਰੋਸ਼ਾਂ ਤੇ ਟਾਈਪਿਸਟਾਂ ਨੂੰ ਤਹਿਸੀਲਦਾਰ ਦੇ ਦਫ਼ਤਰ ਪਿੱਛੇ ਖੋਖੇ ਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ। ਹੁਣ ਇਹ ਸਾਰਾ ਕੰਮਕਾਰ ਇਨ੍ਹਾਂ ਖੋਖਿਆਂ ’ਚ ਚਲਾ ਰਹੇ ਹਨ। ਇਨ੍ਹਾਂ ਕੋਲ ਹਰ ਰੋਜ਼ ਸੈਂਕੜੇ ਦੀ ਗਿਣਤੀ ’ਚ ਲੋਕ ਹਲਫ਼ੀਆ ਬਿਆਨ ਬਣਾਉਣ ਜਾਂ ਰਜਿਸਟਰੀਆਂ ਕਰਵਾਉਣ ਲਈ ਆਉਂਦੇ ਹਨ। ਇਨ੍ਹਾਂ ਖੋਖਿਆਂ ’ਚ ਹਰ ਰੋਜ਼ ਲੱਖਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ, ਜਿਸ ਕਾਰਨ ਨਾ ਤਾਂ ਇਹ ਖੋਖਿਆਂ ਵਾਲੇ ਤੇ ਨਾ ਹੀ ਰਜਿਸਟਰੀਆਂ ਕਰਵਾਉਣ ਵਾਲੇ ਵਿਅਕਤੀ ਸੁਰੱਖਿਅਤ ਹਨ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ।