ਵਿਧਾਇਕ ਰਾਏ ਨੇ ਕੋਲ ਖੜ੍ਹ ਕੇ ਕਰਵਾਇਆ ਕੂੜੇ ਦਾ ਹੱਲ
ਖ਼ਬਰ ਦਾ ਅਸਰ-ਵਿਧਾਇਕ ਰਾਏ ਨੇ ਕੋਲ ਖੜ੍ਹ ਕੇ ਕਰਵਾਇਆ ਕੂੜੇ ਦਾ ਹੱਲ
Publish Date: Wed, 28 Jan 2026 06:30 PM (IST)
Updated Date: Wed, 28 Jan 2026 06:34 PM (IST)

ਪਰਗਟ ਸਿੰਘ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼ਹਿਰ ’ਚ ਪਿਛਲੇ ਕਈ ਦਿਨਾਂ ਤੋਂ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ਦਾ ਮਾਮਲਾ ‘ਪੰਜਾਬੀ ਜਾਗਰਣ’ ਵੱਲੋਂ ਪ੍ਰਮੁੱਖਤਾ ਨਾਲ ਉਭਾਰਨ ਉਪਰੰਤ ਬੁੱਧਵਾਰ ਨੂੰ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕੂੜੇ ਨਾਲ ਸਬੰਧਤ ਸਮੱਸਿਆਵਾਂ ਸਬੰਧੀ ਨਗਰ ਕੌਂਸਲ ਸਰਹੰਦ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਕੂੜੇ ਦੇ ਨਿਪਰਾਟੇ ਦਾ ਮੌਕੇ ’ਤੇ ਹੱਲ ਕਰਵਾਇਆ। ਇਸ ਮੌਕੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਨਗਰ ਕੌਂਸਲ ਸਰਹੰਦ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਦੁਬਾਰਾ ਇਸ ਤਰ੍ਹਾਂ ਕੂੜੇ ਦੀ ਸਮੱਸਿਆ ਨਹੀਂ ਹੋਣੀ ਚਾਹੀਦੀ। ਵਿਧਾਇਕ ਦੀ ਘੁਰਕੀ ਤੋਂ ਤੁਰੰਤ ਬਾਅਦ ਨਗਰ ਕੌਂਸਲ ਪ੍ਰਸ਼ਾਸਨ ਵੱਲੋਂ ਸ਼ਹਿਰ ’ਚ ਥਾਂ-ਥਾਂ ਖਿਲਰਿਆ ਕੂੜਾ ਚੁੱਕ ਕੇ ਡੰਪ ਸਥਾਨਾਂ ’ਤੇ ਪਹੁੰਚਾਇਆ। ਕੂੜਾ ਚੁੱਕਣ ’ਤੇ ਮੁਹੱਲਾ ਨਿਵਾਸੀਆਂ ਨੇ ਸੁੱਖ ਦਾ ਸਾਂਹ ਲਿਆ ਹੈ ਅਤੇ ਸ਼ਹਿਰ ਵਾਸੀਆਂ ਨੇ ਵਿਧਾਇਕ ਰਾਏ ਦਾ ਧੰਨਵਾਦ ਵੀ ਕੀਤਾ ਹੈ। ਵਿਧਾਇਕ ਰਾਏ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਸਰਹੰਦ ਦੇ ਵੱਖ-ਵੱਖ ਵਾਰਡਾਂ ਦਾ ਅਚਨਚੇਤ ਦੌਰਾ ਕੀਤਾ ਗਿਆ ਸੀ। ਸਰਹਿੰਦ ਸ਼ਹਿਰ ਵਿਖੇ ਕੂੜੇ ਦੀ ਵੱਡੀ ਸਮੱਸਿਆ ਸਾਹਮਣੇ ਆਈ ਸੀ ਜਿਸ ਦਾ ਮੌਕੇ ’ਤੇ ਹੀ ਹੱਲ ਕਰਵਾਇਆ ਗਿਆ, ਉਸ ਨੂੰ ਤੁਰੰਤ ਉਥੋਂ ਚੁਕਵਾਇਆ ਗਿਆ ਅਤੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਇਥੇ ਨਿਗਰਾਨੀ ਰੱਖੀ ਜਾਵੇ ਤਾਂ ਜੋ ਦੁਬਾਰਾ ਇਸ ਤਰ੍ਹਾਂ ਸੜਕਾਂ ਕਿਨਾਰੇ ਕੂੜਾ ਖਿਲਰਿਆ ਨਾ ਮਿਲੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਕਿਸ਼ਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਸ਼ਹਿਰ ਨੂੰ ਸੁੰਦਰ ਬਣਾਈ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ ਇਸ ਲਈ ਕੂੜੇ ਨੂੰ ਹਮੇਸ਼ਾ ਕੰਟੇਨਰ ’ਚ ਹੀ ਪਾਇਆ ਜਾਵੇ ਜਾਂ ਤੁਹਾਡੇ ਗਲੀ ਮੁਹੱਲੇ ਦੇ ਵਿਚ ਜੋ ਕੂੜਾ ਢੋਣ ਵਾਲੀਆਂ ਗੱਡੀਆਂ ਆਉਂਦੀਆਂ ਹਨ ਉਨ੍ਹਾਂ ਨੂੰ ਹੀ ਕੂੜਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਆਲੀਆਂ ਵਿਖੇ ਗੰਦੇ ਪਾਣੀ ਦੀ ਨਿਕਾਸੀ ਖੁੱਲੇ ’ਚ ਚੱਲ ਰਹੀ ਹੈ ਉਸ ਨੂੰ ਪਾਈਪ ਲਾਈਨ ਦੇ ਰਾਹੀਂ ਬਾਹਰ ਕੱਢਿਆ ਜਾਵੇਗਾ। ਇਸ ਮੌਕੇ ਨਗਰ ਕੌਂਸਲ ਸਰਹਿੰਦ ਦੇ ਕਾਰਜ ਸਾਧਕ ਅਫਸਰ ਮਨਵੀਰ ਸਿੰਘ ਗਿੱਲ, ਸੈਨੀਟਰੀ ਸੁਪਰਡੈਂਟ ਅਮਰਦੀਪ ਸਿੰਘ, ਰਮੇਸ਼ ਕੁਮਾਰ ਸੋਨੂੰ, ਦਫਤਰ ਸਕੱਤਰ ਬਹਾਦਰ ਖਾਨ, ਜਗਜੀਤ ਸਿੰਘ, ਮਨਪ੍ਰੀਤ ਜੋਨੀ, ਸ਼ਮਿੰਦਰ ਸਿੰਘ ਸ਼ਮਾ ਆਦਿ ਵੀ ਮੌਜੂਦ ਸਨ ।