ਰੈਵਿਨਿਊ ਪਟਵਾਰ ਯੂਨੀਅਨ ਦੀ ਮੀਟਿੰਗ ਹੋਈਆਂ ਅਹਿਮ ਵਿਚਾਰਾਂ
ਬਦਲੀ ਰੱਦ ਨਾ ਕੀਤੀ ਤਾਂ ਭਲਕੇ ਡੀਸੀ ਦਫ਼ਤਰ ਅੱਗੇ ਲਾਵਾਂਗੇ ਧਰਨਾ : ਪਟਵਾਰ ਯੂਨੀਅਨ
Publish Date: Sun, 06 Sep 2026 05:57 PM (IST)
Updated Date: Sun, 06 Sep 2026 05:58 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਦਿ ਰੈਵਿਨਿਊ ਪਟਵਾਰ ਯੂਨੀਅਨ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਦਵਿੰਦਰ ਸ਼ਰਮਾ ਨੇ ਸਮੂਹ ਜ਼ਿਲ੍ਹਾ ਪਟਵਾਰੀਆਂ ਦੀ ਮੀਟਿੰਗ ਉਪਰੰਤ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਪਟਵਾਰੀ ਪ੍ਰੀਤਇੰਦਰ ਸਿੰਘ ਦੀ ਨਵਾਂਸ਼ਹਿਰ ਬਦਲੀ ਰੱਦ ਨਾ ਕੀਤੀ ਤੇ ਤਹਿਸੀਲ ਫਤਹਿਗੜ੍ਹ ਸਾਹਿਬ ਦੇ 175 ਪਿੰਡਾਂ ਦਾ ਰਿਕਾਰਡ ਪੁਰਾਣੀ ਇਮਾਰਤ ਤੋਂ ਨਵੀਂ ਬਣੀ ਤਹਿਸੀਲ ’ਚ ਤਬਦੀਲ ਨਾ ਕੀਤਾ, ਤਾਂ 8 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਧਰਨੇ ਦੀ ਅਗਵਾਈ ਸਾਬਕਾ ਪ੍ਰਧਾਨ ਮੋਹਨ ਸਿੰਘ ਕਰਨਗੇ ਤੇ ਇਸ ’ਚ ਸਮੂਹ ਜ਼ਿਲ੍ਹਾ ਪਟਵਾਰੀ ਸ਼ਾਮਲ ਹੋਣਗੇ। ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਖਾਲੀ ਅਸਾਮੀਆਂ ’ਤੇ ਤੁਰੰਤ ਪਟਵਾਰੀਆਂ ਦੀ ਭਰਤੀ ਕੀਤੀ ਜਾਵੇ ਤੇ ਪਟਵਾਰੀਆਂ ਦੇ ਪੰਜਾਬ ਕੇਡਰ ਦੇ ਹੁਕਮਾਂ ਨੂੰ ਖਾਰਜ ਕੀਤਾ ਜਾਵੇ ਤਾਂ ਜੋ ਪਟਵਾਰੀ ਬਿਨਾਂ ਕਿਸੇ ਦਬਾਅ ਆਪਣਾ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਕੇਡਰ ਨੂੰ ਕੋਈ ਵੀ ਸਰਕਾਰ ਹਥਿਆਰ ਵਜੋਂ ਵਰਤ ਸਕਦੀ ਹੈ, ਜਿਸ ਦੀ ਤਾਜ਼ਾ ਉਦਾਹਰਨ ਪ੍ਰੀਤਇੰਦਰ ਸਿੰਘ ਦਾ ਕੇਸ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਅਗਲੀ ਰਣਨੀਤੀ ਦਾ ਐਲਾਨ ਧਰਨੇ ਦੌਰਾਨ ਕੀਤਾ ਜਾਵੇਗਾ।