- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜੋਲੀ ਕਲਾਂ ਵਿਖੇ ਪੰਥਕ ਏਕਤਾ ਕਾਨਫਰੰਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਪੰਥ ਨੂੰ ਨਿੱਜੀ ਤੇ ਸਿਆਸੀ ਮੁਆਫ਼ਦਾਂ ਤੋਂ ਉੱਪਰ ਉੱਠ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਅਤੇ ਮੌਲਿਕ ਸਿਧਾਂਤਾਂ ਤਹਿਤ ਇੱਕੋ ਪਲੇਟਫਾਰਮ ’ਤੇ ਇਕੱਠੇ ਹੋਣਾ ਚਾਹੀਦਾ ਹੈ।

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪੰਜੋਲੀ ਕਲਾਂ ਵਿਖੇ ਪੰਥਕ ਏਕਤਾ ਕਾਨਫਰੰਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਪੰਥ ਨੂੰ ਨਿੱਜੀ ਤੇ ਸਿਆਸੀ ਮੁਆਫ਼ਦਾਂ ਤੋਂ ਉੱਪਰ ਉੱਠ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਅਤੇ ਮੌਲਿਕ ਸਿਧਾਂਤਾਂ ਤਹਿਤ ਇੱਕੋ ਪਲੇਟਫਾਰਮ ’ਤੇ ਇਕੱਠੇ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਪਰਿਵਾਰਾਂ ਅਤੇ ਬੰਦੀ ਸਿੰਘਾਂ ਨੂੰ ਬਣਦਾ ਮਾਣ-ਸਤਿਕਾਰ ਅਤੇ ਹਿੱਸਾ ਦੇਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ, ਤਾਂ ਜੋ ਪੰਥਕ ਤਾਕਤ ਨੂੰ ਮਜ਼ਬੂਤ ਕਰਕੇ ਕੌਮੀ ਮਸਲਿਆਂ ਦਾ ਸਾਰਥਕ ਹੱਲ ਕੱਢਿਆ ਜਾ ਸਕੇ। ਉਨ੍ਹਾਂ ਸੁਝਾਅ ਦਿੱਤਾ ਕਿ ਜੇਕਰ ਪੰਥਕ ਸਿਆਸਤ ਕਰਨੀ ਹੈ ਤਾਂ ਸੀਟਾਂ ਦੀ ਵੰਡ ਸਮੇਂ 30 ਫ਼ੀਸਦੀ ਸੀਟਾਂ ਬੰਦੀ ਸਿੰਘਾਂ ਅਤੇ ਸ਼ਹੀਦ ਪਰਿਵਾਰਾਂ ਨੂੰ ਦਿੱਤੀਆਂ ਜਾਣ। ਜੇਕਰ ਅਸੀਂ ਇਨ੍ਹਾਂ ਪਰਿਵਾਰਾਂ ਨੂੰ ਵਿਸਾਰ ਦੇਵਾਂਗੇ ਤਾਂ ਇਹ ਕੌਮ ਨਾਲ ਧਰੋਹ ਅਤੇ ਧੋਖਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਧੜਿਆਂ ਦੀ ਏਕਤਾ ਲਈ ਹਰ ਸਮੇਂ ਤਿਆਰ ਹਨ ਅਤੇ ਜੇਕਰ ਬਾਦਲ ਪਰਿਵਾਰ ਵੀ ਇਸ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ, ਪਰ ਸ਼ਰਤ ਇਹੀ ਹੈ ਕਿ ਕੌਮ ਲਈ ਕੁਰਬਾਨੀਆਂ ਦੇਣ ਵਾਲੇ ਪਰਿਵਾਰਾਂ ਅਤੇ ਬੰਦੀ ਸਿੰਘਾਂ ਨੂੰ ਬਣਦਾ ਬਣਦਾ ਹਿੱਸਾ ਮਿਲਣਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਹਾਲਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 1984 ਤੋਂ ਬਾਅਦ ਸਾਰੀ ਰਾਜਨੀਤੀ ਇੱਕ ਵਿਅਕਤੀ ਪ੍ਰਕਾਸ਼ ਸਿੰਘ ਬਾਦਲ ਦੇ ਦੁਆਲੇ ਕੇਂਦਰਿਤ ਕਰ ਦਿੱਤੀ ਗਈ ਅਤੇ ਜਦੋਂ ਪੈਰਲਲ ਲੀਡਰਸ਼ਿਪ ਨੂੰ ਖ਼ਤਮ ਕੀਤਾ ਗਿਆ ਤਾਂ ਪਾਰਟੀ ਦੀ ਇਹ ਦੁਰਦਸ਼ਾ ਹੋਈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਨੇ ਪੰਥਕ ਸਿਆਸਤ ਕਰਨੀ ਹੈ ਤਾਂ ਆਪਣੇ ਏਜੰਡੇ ਸਪਸ਼ਟ ਰੱਖਣੇ ਪੈਣਗੇ ਅਤੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਮਕਸਦ ਸੱਤਾ ਨਹੀਂ ਸਗੋਂ ਪੰਥ ਦੀ ਸ਼ਕਤੀ ਹੈ।
ਇਸ ਮੌਕੇ ਮੌਜੂਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਿੱਖ ਸੰਘਰਸ਼ ਅਤੇ ਮਨੁੱਖੀ ਹੱਕਾਂ ਦੀ ਰਾਖੀ ਦਾ ਇਤਿਹਾਸ ਗੁਰੂ ਸਾਹਿਬਾਨ ਦੀ ਸੋਚ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਮੰਨਿਆ ਕਿ ਅਕਾਲੀ ਦਲ ਦੇ ਪਿਛਲੇ ਸ਼ਾਸਨਕਾਲ ਦੌਰਾਨ ਕਈ ਇਤਿਹਾਸਕ ਮਸਲਿਆਂ ਦੀ ਸਹੀ ਜਾਂਚ ਨਾ ਹੋਣ ਕਾਰਨ ਨੁਕਸਾਨ ਉਠਾਉਣਾ ਪਿਆ, ਜਿਸ ਲਈ ਵਿਚਾਰਾਂ ਦੀ ਸਾਂਝ ਅਤੇ ਸਹੀ ਸੇਧ ਦੀ ਲੋੜ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਕਰਨ ਅਤੇ ਸਿੱਖ ਸੰਸਥਾਵਾਂ ਦੀ ਮਾਣ-ਮਰਿਆਦਾ ਨੂੰ ਬਹਾਲ ਰੱਖਣ ਲਈ ਯਤਨ ਕਰਨੇ ਜ਼ਰੂਰੀ ਹੋ ਗਏ ਹਨ।
ਇਸ ਮੌਕੇ ਉੱਘੇ ਚਿੰਤਕ ਹਮੀਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਪ੍ਰੋਫੈਸਰ ਮਹਿੰਦਰਪਾਲ ਸਿੰਘ, ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਅਤੇ ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਬਾਪੂ ਗੁਰਚਰਨ ਸਿੰਘ, ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਸਹੌਲੀ ਅਤੇ ਉੱਘੇ ਵਿਦਵਾਨ ਮਾਲਵਿੰਦਰ ਸਿੰਘ ਮਾਲੀ ਵੀ ਮੌਜੂਦ ਸਨ।