ਡਿਊਟੀ ਦੌਰਾਨ ਖ਼ੌਫ਼ਨਾਕ ਹਾਦਸਾ, ਚੈਕਿੰਗ ਕਰ ਰਹੇ ਹੋਮਗਾਰਡ ਜਵਾਨ ਨੂੰ ਬੇਕਾਬੂ ਵਾਹਨ ਨੇ ਮਾਰੀ ਟੱਕਰ; ਮੌਕੇ ’ਤੇ ਹੀ ਮੌਤ ਸਰਹਿੰਦ ਨੈਸ਼ਨਲ ਹਾਈਵੇਅ ’ਤੇ ਪੈਂਦੇ ਪਿੰਡ ਪਤਾਰਸੀ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਡਿਊਟੀ ਦੌਰਾਨ ਵਾਹਨਾਂ ਦੀ ਜਾਂਚ ਕਰ ਰਹੇ ਹੋਮਗਾਰਡ ਦੇ ਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਪੁਲਿਸ ਪਾਰਟੀ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਅਤੇ ਇੱਕ ਗੱਡੀ ਨੇ ਹੋਮਗਾਰਡ ਜਵਾਨ ਨੂੰ ਕੁਚਲ ਦਿੱਤਾ।
Publish Date: Sun, 11 Oct 2026 03:10 PM (IST)
Updated Date: Sun, 11 Oct 2026 03:12 PM (IST)
ਦੀਪਕ ਸੂਦ, ਫਤਹਿਗੜ੍ਹ ਸਾਹਿਬ : ਸਰਹਿੰਦ ਨੈਸ਼ਨਲ ਹਾਈਵੇਅ ’ਤੇ ਪੈਂਦੇ ਪਿੰਡ ਪਤਾਰਸੀ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਡਿਊਟੀ ਦੌਰਾਨ ਵਾਹਨਾਂ ਦੀ ਜਾਂਚ ਕਰ ਰਹੇ ਹੋਮਗਾਰਡ ਦੇ ਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਪੁਲਿਸ ਪਾਰਟੀ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਅਤੇ ਇੱਕ ਗੱਡੀ ਨੇ ਹੋਮਗਾਰਡ ਜਵਾਨ ਨੂੰ ਕੁਚਲ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ, ਥਾਣਾ ਮੂਲੇਪੁਰ ਦੀ ਪੁਲਿਸ ਪਾਰਟੀ ਵੱਲੋਂ 9 ਅਤੇ 10 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਸਰਹਿੰਦ ਨੈਸ਼ਨਲ ਹਾਈਵੇਅ ’ਤੇ ਪੈਂਦੇ ਪਿੰਡ ਪਤਾਰਸੀ ਨੇੜੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ।
ਇਸੇ ਦੌਰਾਨ ਰਾਜਪੁਰਾ ਵੱਲੋਂ ਆ ਰਹੀ ਇੱਕ ਮਹਿੰਦਰਾ ਗੱਡੀ ਨੂੰ ਨਾਕੇ ’ਤੇ ਮੌਜੂਦ ਹੋਮਗਾਰਡ ਜਵਾਨ ਸਲਾਮਦੀਨ (52) ਨੇ ਜਾਂਚ ਲਈ ਰੁਕਣ ਦਾ ਇਸ਼ਾਰਾ ਕੀਤਾ। ਪਰ ਗੱਡੀ ਦੇ ਚਾਲਕ ਨੇ ਰੁਕਣ ਦੀ ਬਜਾਏ ਬੇਹੱਦ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਂਦਿਆਂ ਸਿੱਧੀ ਸਲਾਮਦੀਨ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਟੱਕਰ ਕਾਰਨ ਹੋਮਗਾਰਡ ਜਵਾਨ ਸਲਾਮਦੀਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਫਤਹਿਗੜ੍ਹ ਸਾਹਿਬ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਕਿ ਥਾਣਾ ਮੂਲੇਪੁਰ ਵਿੱਚ ਗੱਡੀ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਚਾਲਕ ਦੀ ਭਾਲ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਇਸ ਅਚਾਨਕ ਵਾਪਰੇ ਹਾਦਸੇ ਕਾਰਨ ਪੂਰੇ ਇਲਾਕੇ ਅਤੇ ਪੁਲਿਸ ਵਿਭਾਗ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਬੀਤੀ ਦੇਰ ਸ਼ਾਮ ਮ੍ਰਿਤਕ ਹੋਮਗਾਰਡ ਜਵਾਨ ਸਲਾਮਦੀਨ ਨੂੰ ਉਨ੍ਹਾਂ ਦੇ ਪਿੰਡ ਨਲੀਨੀ ਕਲਾਂ ਵਿੱਚ ਗਮਗੀਨ ਮਾਹੌਲ ਦੌਰਾਨ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ।
ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਲਾਕਾ ਵਾਸੀਆਂ ਨੇ ਤੇਜ਼ ਰਫ਼ਤਾਰ ਵਾਹਨਾਂ ’ਤੇ ਕਾਬੂ ਪਾਉਣ ਅਤੇ ਮੁਲਜ਼ਮ ਚਾਲਕ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।