- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਿਹਤ ਜਾਗਰੂਕਤਾ ਸਮਾਗਮ ਕਰਵਾਇਆ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਵੱਲੋਂ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ‘ਸਮੁੱਚੀ ਸਿਹਤ ਤੇ ਖੁਰਾਕ ਜਾਗਰੂਕਤਾ’ ਵਿਸ਼ੇ ’ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਤੇ ਖੇਤੀਬਾੜੀ ਫੈਕਲਟੀ ਦੇ ਡੀਨ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਓਜਸ ਲਾਈਫ ਦੇ ਸੰਸਥਾਪਕ ਅਤੁਲ ਸ਼ਾਹ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਬਿਮਾਰੀਆਂ ਦੀ ਰੋਕਥਾਮ, ਸਿਹਤਮੰਦ ਜੀਵਨ-ਜਾਚ ਅਤੇ ਮਾਨਸਿਕ ਤੇ ਸਰੀਰਕ ਤੰਦਰੁਸਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸਿਹਤ ਪ੍ਰਤੀ ਸੁਚੇਤ ਆਦਤਾਂ ਅਪਣਾਉਣਾ ਅਤੇ ਖੁਰਾਕ ਦੀ ਸੋਚ-ਸਮਝ ਕੇ ਚੋਣ ਕਰਨਾ ਅਜੋਕੇ ਸਮੇਂ ਦੀ ਵੱਡੀ ਲੋੜ ਹੈ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਤੋਂ ਸੰਜੀਵ ਸ਼ਰਮਾ, ਹਰਮੇਲਪ੍ਰੀਤ ਸਿੰਘ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ। ਵਿਚਾਰ-ਚਰਚਾ ਦੌਰਾਨ ਰਵਾਇਤੀ ਖੁਰਾਕ ਪ੍ਰਣਾਲੀ, ਕੁਦਰਤੀ ਖੇਤੀ, ਪੌਸ਼ਟਿਕ ਭੋਜਨ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਖੇਤੀਬਾੜੀ ਵਿਭਾਗ ਦੀ ਮੁਖੀ ਡਾ. ਜਸਪ੍ਰੀਤ ਕੌਰ ਢਿੱਲੋਂ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਟਿਕਾਊ ਜੀਵਨ-ਢੰਗ ਪ੍ਰਤੀ ਚੇਤਨਾ ਜਗਾਉਣ ਲਈ ਅਜਿਹੇ ਸਾਂਝੇ ਉਪਰਾਲਿਆਂ ਨੂੰ ਜ਼ਰੂਰੀ ਦੱਸਿਆ। ਸਮਾਗਮ ਦੇ ਅੰਤ ’ਚ ਡਾ. ਵਿਭੂਤੀ ਸ਼ਰਮਾ ਨੇ ਯੂਨੀਵਰਸਿਟੀ ਪ੍ਰਸ਼ਾਸਨ, ਮੁੱਖ ਬੁਲਾਰੇ ਅਤੁਲ ਸ਼ਾਹ ਅਤੇ ਖੇਤੀ ਵਿਰਾਸਤ ਮਿਸ਼ਨ ਦੀ ਟੀਮ ਦਾ ਧੰਨਵਾਦ ਕੀਤਾ।