- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸਿਹਤ ਜਾਗਰੂਕਤਾ ਸਬੰਧੀ ਗਤੀਵਿਧੀਆਂ ਕਰਵਾਈਆਂ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਜੈਵ-ਤਕਨਾਲੋਜੀ ਵਿਭਾਗ ਵੱਲੋਂ ਛਾਤੀ ਦੇ ਕੈਂਸਰ, ਮਾਈਟੋਕੌਂਡਰੀਅਲ ਬਿਮਾਰੀਆਂ ਤੇ ਸ਼ੂਗਰ ਸਬੰਧੀ ਸਿਹਤ ਜਾਗਰੂਕਤਾ ਸਰਗਰਮੀਆਂ ਕਰਵਾਈਆਂ ਗਈਆਂ, ਜਿਨ੍ਹਾਂ ਦਾ ਉਦੇਸ਼ ਵਿਗਿਆਨਕ ਜਾਣਕਾਰੀ ਦੇ ਪ੍ਰਸਾਰ, ਬਿਮਾਰੀਆਂ ਦੀ ਸਮੇਂ ਸਿਰ ਪਛਾਣ ਤੇ ਰੋਕਥਾਮ ਲਈ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ। ਇਨ੍ਹਾਂ ਪ੍ਰੋਗਰਾਮਾਂ ਦੇ ਸਾਲ 2026 ਦੇ ਵਿਸ਼ੇ ਕ੍ਰਮਵਾਰ ‘ਹਰ ਕਹਾਣੀ ਵਿਲੱਖਣ ਹੈ, ਹਰ ਸਫ਼ਰ ਮਹੱਤਵਪੂਰਨ ਹੈ’, ‘ਮਾਈਟੋਕੌਂਡਰੀਆ ਨੂੰ ਨਕਸ਼ੇ ’ਤੇ ਲਿਆਉਣਾ’ ਅਤੇ ‘ਸ਼ੂਗਰ ਦੀ ਰੋਕਥਾਮ ਲਈ ਸਮੇਂ ਸਿਰ ਕਦਮ’ ਸਨ। ਵਿਦਿਆਰਥੀਆਂ ਨੇ ਵਿਗਿਆਨਕ ਪੇਸ਼ਕਾਰੀਆਂ ਅਤੇ ਵਿਚਾਰ-ਵਟਾਂਦਰੇ ਰਾਹੀਂ ਸਰਗਰਮੀ ਨਾਲ ਹਿੱਸਾ ਲੈਂਦਿਆਂ ਛਾਤੀ ਦੇ ਕੈਂਸਰ ਦੀ ਜਾਂਚ ਤੇ ਮੁੱਢਲੀ ਪਛਾਣ, ਮਾਈਟੋਕੌਂਡਰੀਅਲ ਸਿਹਤ ਅਤੇ ਬਿਮਾਰੀਆਂ ਦੇ ਪ੍ਰਬੰਧਨ ਤੇ ਜੀਵਨ-ਸ਼ੈਲੀ ’ਚ ਸੁਧਾਰ ਰਾਹੀਂ ਸ਼ੂਗਰ ਦੀ ਰੋਕਥਾਮ ਵਰਗੇ ਵਿਸ਼ਿਆਂ ’ਤੇ ਚਰਚਾ ਕੀਤੀ। ਵਧੀਆ ਵਿਗਿਆਨਕ ਪੇਸ਼ਕਾਰੀ ਲਈ ਬੀਐੱਸਸੀ ਮੈਡੀਕਲ ਲੈਬਾਰਟਰੀ ਸਾਇੰਸਿਜ਼, ਪੰਜਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਜਸ਼ਨਦੀਪ ਕੌਰ ਅਤੇ ਰਿਪਨਪ੍ਰੀਤ ਕੌਰ ਨੂੰ ਬੈਸਟ ਸਾਇੰਟਿਫਿਕ ਪ੍ਰੈਜ਼ੈਂਟਰ ਐਵਾਰਡ ਅਤੇ ਨੀਤੂ ਨੂੰ ਆਊਟਸਟੈਂਡਿੰਗ ਰਿਸਰਚ ਪ੍ਰੈਜ਼ੈਂਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮਾਈਟੋਕੌਂਡਰੀਅਲ ਡਿਜ਼ੀਜ਼ ਅਵੇਅਰਨੈੱਸ ਵੀਕ ਦੇ ਜੇਤੂਆਂ ’ਚ ਨੀਤੂ, ਰਿਪਨਪ੍ਰੀਤ ਕੌਰ, ਰਮਨਪ੍ਰੀਤ ਕੌਰ ਅਤੇ ਗੰਗਾ ਸਾਗਰ ਸ਼ਾਮਲ ਰਹੇ। ਵਿਭਾਗ ਦੇ ਮੁਖੀ ਡਾ. ਰੁਪਿੰਦਰ ਕੌਰ ਨੇ ਵਿਦਿਆਰਥੀਆਂ ਦੀ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਸਿਹਤ ਸਬੰਧੀ ਚੁਣੌਤੀਆਂ ਦੇ ਹੱਲ ਲਈ ਆਧੁਨਿਕ ਜੈਵ-ਤਕਨਾਲੋਜੀ ਦੇ ਗਿਆਨ ਅਤੇ ਸਿਹਤ ਜਾਗਰੂਕਤਾ ਦੇ ਸੁਮੇਲ ਦੀ ਮਹੱਤਤਾ ਬਾਰੇ ਦੱਸਿਆ।