- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇ ਕਿਸੇ ਸਮਾਜ ਦਾ ਜ਼ਾਲਮ ਜੱਜ ਬਣ ਜਾਵੇ ਤਾਂ ਇਨਸਾਫ਼ ਕਿੱਥੋਂ ਮਿਲੇਗਾ : ਹਮੀਰ ਸਿੰਘ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜੇ ਕਿਸੇ ਸਮਾਜ ਦਾ ਜ਼ਾਲਮ, ਜੱਜ ਬਣ ਜਾਵੇ ਤਾਂ ਤੁਸੀਂ ਇਨਸਾਫ਼ ਕਿੱਥੋਂ ਲਵੋਗੇ। ਅੱਜ ਲੋਕਾਂ ਨੂੰ ਇਨਸਾਫ਼ ਲੈਣ ਲਈ ਅੱਗੇ ਆਉਣਾ ਪਵੇਗਾ ਤੇ ਲੜਨਾ ਪਵੇਗਾ। ਇਹ ਵਿਚਾਰ ਵਿਦਵਾਨ ਹਮੀਰ ਸਿੰਘ ਨੇ ਬਤੌਰ ਮੁੱਖ ਬੁਲਾਰੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਚੰਡੀਗੜ੍ਹ ਜ਼ੋਨ ਵੱਲੋਂ ਬੱਚਤ ਭਵਨ ਫਤਹਿਗੜ੍ਹ ਸਾਹਿਬ ਵਿਖੇ ਕਰਵਾਏ ਸੈਮੀਨਾਰ ਮੌਕੇ ਪ੍ਰਗਟ ਕੀਤੇ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਡਰਿਆ ਹੋਇਆ ਪੱਤਰਕਾਰ ਇਕ ਨਰੋਏ ਸਮਾਜ ਦੀ ਸਥਾਪਨਾ ਨਹੀਂ ਕਰ ਸਕਦਾ। ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਜ਼ੋਨ ਜਥੇਬੰਦਕ ਮੁਖੀ ਅਜੀਤ ਪ੍ਰਦੇਸੀ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪਿਛਲੇ 42 ਸਾਲਾਂ ਤੋਂ ਸਮਾਜਿਕ ਚੁਣੌਤੀਆਂ ਦੇ ਹੱਲ ਲਈ ਲੋਕਾਂ ’ਚ ਵਿਗਿਆਨਕ ਨਜ਼ਰੀਆ ਪੈਦਾ ਕਰਨ ਹਿੱਤ ਸੰਘਰਸ਼ ਕਰ ਰਹੀ ਹੈ। ਇਸ ਮੌਕੇ ਸਰਹਿੰਦ ਇਕਾਈ ਤੋਂ ਬਲਦੇਵ ਜਲਾਲ, ਬਸੀ ਇਕਾਈ ਤੋਂ ਸੰਦੀਪ ਬਸੀ ਪਠਾਣਾਂ ਤੇ ਜ਼ੋਨ ਮੀਡੀਆ ਮੁਖੀ ਪਿੰ. ਗੁਰਮੀਤ ਖਰੜ ਨੇ ਵੀ ਆਪਣੇ ਵਿਚਾਰ ਰੱਖੇ। ਸੈਮੀਨਾਰ ਦੌਰਾਨ ਰੋਪੜ ਤੋਂ ਜਸਪਾਲ ਮਾਜਰੀ, ਚੰਡੀਗੜ੍ਹ ਤੋਂ ਜੋਗਾ ਸਿੰਘ ਅਤੇ ਖਮਾਣੋਂ ਤੋਂ ਭਗਤ ਸਿੰਘ ਨੇ ਇਨਕਲਾਬੀ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ। ਅਖ਼ੀਰ ’ਚ ਹਮੀਰ ਸਿੰਘ ਨੇ ਪੀਪੀ ਸਿੰਘ, ਗੁਰਿੰਦਰ ਸਿੰਘ, ਸੁਖਦੇਵ ਸਿੰਘ, ਗੁਰਮੀਤ ਖਰੜ ਅਤੇ ਜੋਗਾ ਸਿੰਘ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ।