- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਵਾਰ ਅਤੇ ਕਵੀਸ਼ਰੀ ਲੈਕਚਰ ਲੜੀ ਸ਼ੁਰੂ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਸਿੱਖ ਸੰਗੀਤਕ ਪਰੰਪਰਾਵਾਂ ਦੀ ਸੰਭਾਲ ਲਈ ਮਨਮੀਤ ਸਿੰਘ ਭੁੱਲਰ ਯਾਦਗਾਰੀ ਸਾਲਾਨਾ ਵਾਰ ਤੇ ਕਵੀਸ਼ਰੀ ਲੈਕਚਰ ਲੜੀ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਕੈਨੇਡਾ ਤੋਂ ਬਲਜਿੰਦਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਵੱਲੋਂ ਇਸ ਲੜੀ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਗੁਰਮਤਿ ਅਨੁਸਾਰ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਮੁੱਖ ਵਕਤਾ ਡਾ. ਗੁਰਨਾਮ ਸਿੰਘ ਨੇ ਵਾਰ ਅਤੇ ਕਵੀਸ਼ਰੀ ਦੀ ਇਤਿਹਾਸਕ ਤੇ ਸੰਗੀਤਕ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਇਸ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰੀ ਢਾਡੀ ਜਥੇ ਭਾਈ ਜਸਬੀਰ ਸਿੰਘ ਮੋਹਲੇਕੇ ਨੇ ਬੀਰਰਸੀ ਵਾਰਾਂ ਦੀ ਪੇਸ਼ਕਾਰੀ ਕੀਤੀ, ਜਦਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਵੀਸ਼ਰੀ ਗਾਇਨ ਕੀਤਾ। ਵਾਈਸ ਚਾਂਸਲਰ ਡਾ. ਪਰਿਤ ਪਾਲ ਸਿੰਘ ਅਤੇ ਵਿਭਾਗ ਮੁਖੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਮੁੱਚੇ ਸਟਾਫ਼ ਨੇ ਸਮਾਗਮ ਦੇ ਪ੍ਰਬੰਧਾਂ ’ਚ ਅਹਿਮ ਭੂਮਿਕਾ ਨਿਭਾਈ।