
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੰਗੀਤ ਦੀ ਵਿੱਦਿਆ ਨਾਲ ਜੋੜ ਰਿਹਾ ਗੁਰਮਤਿ ਵਿਦਿਆਲਾ ਸੰਤ ਆਸ਼ਰਮ ਗੁਰਦੁਆਰਾ ਕ੍ਰਿਪਾਸਰ ਸਾਹਿਬ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਸੰਤ ਦਲਵਾਰਾ ਸਿੰਘ ਰੋਹੀਸਰ ਸਾਹਿਬ ਤੇ ਜਥੇਦਾਰ ਜਗਜੀਤ ਸਿੰਘ ਦੇ ਯਤਨਾਂ ਸਦਕਾ ਗੁਰਮਤਿ ਵਿਦਿਆਲਾ ਸੰਤ ਆਸ਼ਰਮ ਗੁਰਦੁਆਰਾ ਸ੍ਰੀ ਕ੍ਰਿਪਾਸਰ ਸਾਹਿਬ ਵਿਖੇ ਮੁਫ਼ਤ ਸੰਗੀਤ ਸਿਖਲਾਈ ਸ਼ੁਰੂ ਕੀਤੀ ਗਈ ਹੈ। ਇਸ ਪਹਿਲਕਦਮੀ ਤਹਿਤ ਦੋ ਦਰਜਨ ਦੇ ਕਰੀਬ ਬੱਚੇ, ਨੌਜਵਾਨ ਤੇ ਬੀਬੀਆਂ ਸੰਗੀਤ ਦੀ ਮੁਫ਼ਤ ਸਿੱਖਿਆ ਹਾਸਲ ਕਰ ਰਹੇ ਹਨ। ਸਿਖਿਆਰਥੀਆਂ ਨੂੰ ਸਿਖਲਾਈ ਦੇਣ ਲਈ ਪਟਿਆਲਾ ਤੋਂ ਪ੍ਰੋਫੈਸਰ ਰਜਿੰਦਰ ਖ਼ਾਨ ਹਰ ਬੁੱਧਵਾਰ ਅਤੇ ਐਤਵਾਰ ਦੁਪਹਿਰ 3 ਤੋਂ 5 ਵਜੇ ਤੱਕ ਵਿਸ਼ੇਸ਼ ਤੌਰ ’ਤੇ ਪਹੁੰਚਦੇ ਹਨ, ਜਦਕਿ ਬੱਚੇ ਰੋਜ਼ਾਨਾ ਇੱਥੇ ਰਿਆਜ਼ ਵੀ ਕਰਦੇ ਹਨ। ਪ੍ਰੋਫੈਸਰ ਰਜਿੰਦਰ ਖ਼ਾਨ ਨੇ ਦੱਸਿਆ ਕਿ ਕਿਸੇ ਵੀ ਧਰਮ ਦਾ ਵਿਅਕਤੀ ਇਸ ਵਿਦਿਆਲੇ ਵਿਚ ਆ ਕੇ ਸੰਗੀਤ ਸਿੱਖ ਸਕਦਾ ਹੈ। ਸੰਤ ਬਾਬਾ ਦਲਵਾਰਾ ਸਿੰਘ ਅਤੇ ਜਥੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਪੀਜੀਆਈ ਦੇ ਮਰੀਜ਼ਾਂ ਲਈ ਹਰ ਹਫ਼ਤੇ ਲੰਗਰ ਭੇਜਿਆ ਜਾਂਦਾ ਹੈ ਅਤੇ ਲੋੜਵੰਦ ਬੱਚਿਆਂ ਦੀ ਸਕੂਲੀ ਪੜ੍ਹਾਈ, ਰਿਹਾਇਸ਼ ਅਤੇ ਲੰਗਰ ਦਾ ਸਾਰਾ ਖ਼ਰਚਾ ਵੀ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਅਮਲੋਹ ਨੇੜਲੇ ਗੁਰਦੁਆਰਾ ਸ੍ਰੀ ਰੋਹੀਸਰ ਸਾਹਿਬ ਮਾਲੋਵਾਲ ਵਿਖੇ ਵੀ ਸੰਗੀਤ ਵਿਦਿਆਲਾ ਸ਼ੁਰੂ ਕੀਤਾ ਜਾਵੇਗਾ।