ਜ਼ਿਲ੍ਹਾ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ਾਨਦਾਰ ਸ਼ੁਰੂਆਤ ਜ਼ਿਲ੍ਹਾ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ਾਨਦਾਰ ਸ਼ੁਰੂਆਤ
Publish Date: Mon, 28 Sep 2026 05:55 PM (IST)
Updated Date: Mon, 28 Sep 2026 05:57 PM (IST)
ਫ਼ੋਟੋ ਫ਼ਾਈਲ :8 ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਵਿਧਾਇਕ ਲਖਬੀਰ ਸਿੰਘ ਰਾਏ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਇਕ ਸਫ਼ਲ ਲੋਕ ਲਹਿਰ ਬਣ ਚੁੱਕੀਆਂ ਹਨ। ਇਹ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ-4’ ਤਹਿਤ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੀ ਰਸਮੀ ਸ਼ੁਰੂਆਤ ਮੌਕੇ ਕੀਤਾ। ਵਿਧਾਇਕ ਰਾਏ ਨੇ ਦੱਸਿਆ ਕਿ 6 ਅਕਤੂਬਰ 2026 ਤੱਕ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਦੌਰਾਨ ਕੁੱਲ 29 ਖੇਡਾਂ ’ਚ 14 ਸਾਲ ਤੋਂ 70 ਸਾਲ ਤੋਂ ਵੱਧ ਉਮਰ ਵਰਗ ਦੇ ਖਿਡਾਰੀ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਅਤੇ ਢੁਕਵੇਂ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਐਥਲੈਟਿਕਸ, ਬੈਡਮਿੰਟਨ ਤੇ ਕਿੱਕ ਬਾਕਸਿੰਗ, ਓਮ ਪ੍ਰਕਾਸ਼ ਬਾਂਸਲ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਸ਼ੂਟਿੰਗ ਤੇ ਤੈਰਾਕੀ ਅਤੇ ਸੈਫਰਨ ਸਿਟੀ ਸਕੂਲ ਫਤਹਿਗੜ੍ਹ ਸਾਹਿਬ ਵਿਖੇ ਰੋਲਰ ਸਕੇਟਿੰਗ ਦੇ ਮੁਕਾਬਲੇ ਕਰਵਾਏ ਗਏ। ਐਥਲੈਟਿਕਸ ਦੇ ਅੰਡਰ-21 ਲੜਕਿਆਂ ਦੀ 100 ਮੀਟਰ ਦੌੜ ’ਚ ਜਗਦੀਪ ਸਿੰਘ ਨੇ ਪਹਿਲਾ, ਸ਼ਿਵਮ ਗੁਪਤਾ ਨੇ ਦੂਜਾ ਅਤੇ ਜਸਕਰਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 31-40 ਸਾਲ ਉਮਰ ਵਰਗ ਦੀ 100 ਮੀਟਰ ਦੌੜ ’ਚ ਸੰਦੀਪ ਕੁਮਾਰ ਪਹਿਲੇ, ਜਸਪਾਲ ਗਿਰ ਦੂਜੇ ਅਤੇ ਸੁਰਜੀਤ ਸਿੰਘ ਤੀਜੇ ਸਥਾਨ ’ਤੇ ਰਹੇ। ਅੰਡਰ-17 ਲੜਕਿਆਂ ਦੀ 3 ਕਿਲੋਮੀਟਰ ਰੇਸ ਵਾਕ ’ਚ ਜੋਬਨਪ੍ਰੀਤ ਸਿੰਘ ਪਹਿਲੇ, ਸਮੀਰ ਕੁਮਾਰ ਦੂਜੇ ਅਤੇ ਮਾਧਵ ਥਮਣ ਤੀਜੇ ਸਥਾਨ ’ਤੇ ਰਹੇ। ਕਿੱਕ ਬਾਕਸਿੰਗ ਦੇ ਅੰਡਰ-14 ਲੜਕੀਆਂ ਦੇ ਲਾਈਟ ਕਾਂਟੈਕਟ ਵਰਗ ’ਚ ਪ੍ਰਭਲੀਨ ਕੌਰ ਤੇ ਆਰਤੀ ਨੇ ਅਤੇ ਅੰਡਰ-17 ਲੜਕੀਆਂ ਦੇ ਵਰਗ ’ਚ ਅੰਤਿਮਾ ਤੇ ਨਾਯੰਮੀ ਨੇ ਆਪੋ-ਆਪਣੇ ਭਾਰ ਵਰਗਾਂ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਤੈਰਾਕੀ ਦੇ ਅੰਡਰ-14 ਲੜਕੀਆਂ ਦੇ 50 ਮੀਟਰ ਬੈਕ ਸਟ੍ਰੋਕ ਮੁਕਾਬਲੇ ’ਚ ਲਵਨਿਆ ਗੁਪਤਾ ਨੇ ਪਹਿਲਾ ਅਤੇ ਗਿਤਾਂਸ਼ੀ ਕੌਸ਼ਲ ਨੇ ਦੂਜਾ ਸਥਾਨ ਹਾਸਲ ਕੀਤਾ। ਰੋਲਰ ਸਕੇਟਿੰਗ ਦੇ ਅੰਡਰ-14 ਲੜਕੀਆਂ ਇਨਲਾਈਨ 500 ਮੀਟਰ ਮੁਕਾਬਲੇ ’ਚ ਲਾਲਾ ਲਾਜਪਤ ਰਾਏ ਸਕੂਲ ਬੱਸੀ ਪਠਾਣਾਂ ਦੀ ਅਵਨੀਤ ਕੌਰ ਪਹਿਲੇ, ਸੈਕਰਡ ਹਾਰਟ ਸਕੂਲ ਜਲਾਲਪੁਰ ਦੀ ਸੀਰਤ ਮਾਵੀ ਦੂਜੇ ਅਤੇ ਜੀਪੀਐਸ ਸਕੂਲ ਮੰਡੀ ਗੋਬਿੰਦਗੜ੍ਹ ਦੀ ਸਹਿਜ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-17 ਲੜਕੀਆਂ ਕੁਆਡ ਸਕੇਟਸ ਮੁਕਾਬਲੇ ’ਚ ਓਪੀ ਬਾਂਸਲ ਸਕੂਲ ਦੀ ਗੁਰਸੀਰਤ ਕੌਰ ਨੇ ਪਹਿਲਾ, ਭੂਮੀ ਸ਼ਰਮਾ ਨੇ ਦੂਜਾ ਅਤੇ ਲੇਡੀ ਲੋਰਡ ਸਕੂਲ ਦੀ ਮਾਨਿਆ ਉੱਪਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਰਿਮਟ ਯੂਨੀਵਰਸਿਟੀ ਦੇ ਸਪੋਰਟਸ ਡਾਇਰੈਕਟਰ ਪਰਨਮ ਸਿੰਘ ਬਰਾੜ, ਵਿਨੈ ਪਨਵਾਰ, ਪ੍ਰਿੰਸੀਪਲ ਜਸਪ੍ਰੀਤ ਸਿੰਘ ਕਾਹਲੋਂ, ਡੀਐਮ ਜਸਵੀਰ ਸਿੰਘ, ਰਾਹੁਲਦੀਪ ਸਿੰਘ, ਲਖਵੀਰ ਸਿੰਘ, ਮਨੀਸ਼ ਕੁਮਾਰ, ਸੁਖਦੀਪ ਸਿੰਘ, ਮਨੋਜ ਕੁਮਾਰ, ਮਨਜੀਤ ਸਿੰਘ ਅਤੇ ਯਾਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।