- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਬਿੰਦਗੜ੍ਹ ਪਬਲਿਕ ਸਕੂਲ ’ਚ ਸਾਲਾਨਾ ਸਮਾਗਮ ‘ਯੂਨੋਇਆ’ ਦਾ ਸ਼ਾਨਦਾਰ ਆਗਾਜ਼

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਗੋਬਿੰਦਗੜ੍ਹ ਪਬਲਿਕ ਸਕੂਲ ਦੇ 47ਵੇਂ ਸਾਲਾਨਾ ਇਨਾਮ ਵੰਡ ਸਮਾਗਮ ਦੇ ਪਹਿਲੇ ਦਿਨ ਦਾ ਆਰੰਭ ਅੱਜ ਸ਼ਾਨੋ-ਸ਼ੌਕਤ ਨਾਲ ਹੋਇਆ। ਦੋ ਸੈਸ਼ਨਾਂ ’ਚ ਕਰਵਾਏ ਇਸ ਸਮਾਗਮ ਦਾ ਵਿਸ਼ਾ ‘ਯੂਨੋਇਆ’ ਰੱਖਿਆ ਗਿਆ, ਜਿਸ ਦਾ ਭਾਵ ਸੁੰਦਰ ਵਿਚਾਰ ਅਤੇ ਸਕਾਰਾਤਮਕ ਸੋਚ ਹੈ। ਪ੍ਰਿੰਸੀਪਲ ਡਾ. ਨੀਰੂ ਅਰੋੜਾ ਨੇ ਸਵਾਗਤੀ ਭਾਸ਼ਣ ਦੌਰਾਨ ਇਸ ਵਿਸ਼ੇ ਦੇ ਅਰਥ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਉਸਾਰੂ ਸੋਚ ਅਪਣਾਉਣ ਅਤੇ ਆਪਣੀਆਂ ਸਮਰੱਥਾਵਾਂ ਪਛਾਣ ਕੇ ਅੱਗੇ ਵਧਣ ਲਈ ਪ੍ਰੇਰਿਆ। ਸਮਾਗਮ ਦੇ ਪਹਿਲੇ ਸੈਸ਼ਨ ’ਚ ਗੋਬਿੰਦਗੜ੍ਹ ਐਜੂਕੇਸ਼ਨਲ ਐਂਡ ਸੋਸ਼ਲ ਵੈਲਫੇਅਰ ਟਰੱਸਟ ਦੇ ਪ੍ਰਧਾਨ ਰਾਜ ਕੁਮਾਰ ਗੋਇਲ ਅਤੇ ਦੂਜੇ ਸੈਸ਼ਨ ’ਚ ਟਰੱਸਟ ਦੇ ਸਕੱਤਰ ਨਿਤਿਨ ਸੱਗੜ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਆਪਣੇ ਸੰਬੋਧਨ ’ਚ ਰਾਜ ਕੁਮਾਰ ਗੋਇਲ ਨੇ ਵਿਦਿਆਰਥੀਆਂ ਨੂੰ ਵੱਡਿਆਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚੱਲਣ ਅਤੇ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਪ ਪ੍ਰਧਾਨ ਅਜੇ ਗੋਇਲ, ਜੁਆਇੰਟ ਸੈਕਟਰੀ ਰਾਹੁਲ ਗੋਇਲ, ਪਿਆਰਾ ਸਿੰਘ ਕਲਸੀ, ਸੰਜੇ ਸ਼ਾਰਦਾ, ਸ਼ਿਪਰਾ ਗੋਇਲ, ਰਚਨਾ ਸੱਗੜ, ਸ਼ਸ਼ੀ ਅਗਰਵਾਲ, ਊਸ਼ਾ ਬਿੰਦਾਵਾਲਾ, ਨੇਹਾ ਸ਼ਾਰਦਾ ਅਤੇ ਗੋਬਿੰਦਗੜ੍ਹ ਪਬਲਿਕ ਕਾਲਜ ਦੀ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਵਿਦਿਆਰਥੀਆਂ ਨੇ ਸੰਗੀਤਕ ਸਵਾਗਤ, ਗਣੇਸ਼ ਵੰਦਨਾ, ਸ਼ਿਵ-ਪਾਰਵਤੀ ਨਾਚ, ਭੰਗੜਾ, ਰਾਜਸਥਾਨੀ ਨਾਚ, ਭਰਤਨਾਟਿਅਮ, ਸ਼ਬਦ ਗਾਇਨ ਅਤੇ ਮਾਡਲਿੰਗ ਦੀਆਂ ਪੇਸ਼ਕਾਰੀਆਂ ਰਾਹੀਂ ਰੰਗ ਬੰਨ੍ਹਿਆ। ਇਸ ਦੇ ਨਾਲ ਹੀ ‘ਹੋਮਲੈੱਸ ਸਪੈਰੋਜ਼’, ‘ਚਾਈਲਡ ਟ੍ਰੈਫਿਕਿੰਗ’, ‘ਕਰਨ ਏਕ ਮਹਾਗਾਥਾ’ ਅਤੇ ‘ਹੂ ਕੰਟਰੋਲਜ਼ ਵ੍ਹੌਮ?’ ਵਰਗੀਆਂ ਪੇਸ਼ਕਾਰੀਆਂ ਰਾਹੀਂ ਮੋਬਾਈਲ ਫ਼ੋਨ ਤੋਂ ਦੂਰੀ, ਸਮਾਜਿਕ ਜਾਗਰੂਕਤਾ ਅਤੇ ਜੀਵਨ ਕਦਰਾਂ-ਕੀਮਤਾਂ ਦਾ ਸੰਦੇਸ਼ ਦਿੱਤਾ। ਵਿਦਿਆਰਥੀਆਂ ਵੱਲੋਂ ਹੱਥੀਂ ਬਣਾਈਆਂ ਕਲਾਕ੍ਰਿਤਾਂ ਅਤੇ ਸਜਾਵਟੀ ਸਾਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਦੌਰਾਨ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਦੋਵੇਂ ਸੈਸ਼ਨਾਂ ਦੀ ਸਮਾਪਤੀ ਧੰਨਵਾਦੀ ਭਾਸ਼ਣ ਅਤੇ ਰਾਸ਼ਟਰੀ ਗੀਤ ਨਾਲ ਹੋਈ।