
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਫਿਊਚਰ ਯੂਥ ਲੀਡਰ ਬੂਟਕੈਂਪ ਸੰਪੰਨ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਮੇਰਾ ਯੁਵਾ ਭਾਰਤ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੀ ਐੱਨਐੱਸਐੱਸ ਯੂਨਿਟ ਦੇ ਸਹਿਯੋਗ ਨਾਲ ਕਰਵਾਇਆ ਗਿਆ ਤਿੰਨ ਰੋਜ਼ਾ ਫਿਊਚਰ ਯੂਥ ਲੀਡਰ ਬੂਟਕੈਂਪ ਸਫ਼ਲਤਾਪੂਰਵਕ ਸੰਪੰਨ ਹੋ ਗਿਆ। 24 ਤੋਂ 26 ਅਗਸਤ ਤੱਕ ਚੱਲੇ ਇਸ ਬੂਟਕੈਂਪ ’ਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਵੱਖ-ਵੱਖ ਖੇਤਰਾਂ ਤੋਂ 40 ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਕੈਂਪ ਦਾ ਮੁੱਖ ਮਕਸਦ ਨੌਜਵਾਨਾਂ ’ਚ ਆਗੂ ਬਣਨ ਦੇ ਗੁਣ ਪੈਦਾ ਕਰਨਾ, ਪ੍ਰਸ਼ਾਸਕੀ ਪ੍ਰਣਾਲੀ, ਸਰਕਾਰੀ ਯੋਜਨਾਵਾਂ, ਵਿੱਤੀ ਅਤੇ ਡਿਜੀਟਲ ਜਾਗਰੂਕਤਾ ਸਮੇਤ ਸਮਾਜਿਕ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦੇਣਾ ਸੀ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਸਮਾਜਿਕ ਅਤੇ ਕੌਮੀ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਅੰਦਰ ਅਗਵਾਈ ਕਰਨ ਦੀ ਸਮਰੱਥਾ ਵਿਕਸਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕੈਂਪ ਦੌਰਾਨ ਐਨਐਸਐਸ ਪ੍ਰੋਗਰਾਮ ਕੋਆਰਡੀਨੇਟਰ ਡਾ. ਹਰਨੀਤ ਬਿਲਿੰਗ ਨੇ ‘ਮੈਂ ਨਹੀਂ, ਤੁਸੀਂ’ ਦੇ ਮੂਲ ਸਿਧਾਂਤ ਰਾਹੀਂ ਸਮਾਜ ਸੇਵਾ ਤੇ ਜ਼ਿੰਮੇਵਾਰ ਨਾਗਰਿਕਤਾ ਬਾਰੇ ਚਾਨਣਾ ਪਾਇਆ। ਜ਼ਿਲ੍ਹਾ ਯੁਵਾ ਅਧਿਕਾਰੀ ਕਾਰਤਿਕ ਸਿੰਗਲਾ ਨੇ ਸਰਕਾਰੀ ਸਕੀਮਾਂ ਬਾਰੇ ਦੱਸਿਆ, ਜਦਕਿ ਡਾ. ਅਮਨਦੀਪ ਵੜੈਚ ਨੇ ਡਿਜੀਟਲ ਜਾਗਰੂਕਤਾ ਤੇ ਸਾਈਬਰ ਸੁਰੱਖਿਆ ਤੇ ਸਮਾਜਿਕ ਵਿਗਿਆਨ ਵਿਭਾਗ ਦੀ ਸਹਾਇਕ ਪ੍ਰੋਫੈਸਰ ਨਵਨੀਤ ਕੌਰ ਨੇ ਸ਼ਾਸਨ ਪ੍ਰਣਾਲੀ ਬਾਰੇ ਵਿਸ਼ੇਸ਼ ਸੈਸ਼ਨ ਲਏ। ਸਮਾਗਮ ਨੂੰ ਸਫ਼ਲ ਬਣਾਉਣ ’ਚ ਸਿੱਖਿਆ ਵਿਭਾਗ ਦੀ ਸਹਾਇਕ ਪ੍ਰੋਫੈਸਰ ਨਵਜੋਤ ਕੌਰ, ਹਾਰਟਫੁਲਨੈੱਸ ਟ੍ਰੇਨਰ ਪੁਨੀਤ ਤਿਵਾੜੀ, ਗੁਰਜੋਤ ਕੌਰ, ਅਕਾਊਂਟੈਂਟ ਜਤਿੰਦਰ ਕੁਮਾਰ ਅਤੇ ਮੇਰਾ ਯੁਵਾ ਭਾਰਤ ਦੇ ਦਫ਼ਤਰੀ ਸਹਾਇਕ ਜੀਵਨ ਰੇਖ ਰਾਓ ਨੇ ਵੀ ਸਰਗਰਮ ਭੂਮਿਕਾ ਨਿਭਾਈ। ਭਾਗ ਲੈਣ ਵਾਲੇ ਸਾਰੇ ਨੌਜਵਾਨਾਂ ਨੇ ਇਸ ਸਿਖਲਾਈ ਪ੍ਰੋਗਰਾਮ ਨੂੰ ਗਿਆਨਵਰਧਕ ਅਤੇ ਲਾਹੇਵੰਦ ਕਰਾਰ ਦਿੱਤਾ।