- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਦਾ ਗ੍ਰੀਨ ਕਾਰਡ ਦਿਵਾਉਣ ਦੇ ਨਾਂ ’ਤੇ 1.30 ਕਰੋੜ ਦੀ ਠੱਗੀ

ਗਰਗ, ਪੰਜਾਬੀ ਜਾਗਰਣ, ਅਮਲੋਹ : ਅਮਰੀਕਾ ’ਚ ਪੀਜ਼ਾ ਕੰਪਨੀ ਅੰਦਰ 50 ਫ਼ੀਸਦੀ ਹਿੱਸੇਦਾਰੀ ਤੇ ਗ੍ਰੀਨ ਕਾਰਡ ਦਿਵਾਉਣ ਦੇ ਨਾਂ ’ਤੇ ਅਮਲੋਹ ਦੇ ਇਕ ਵਿਅਕਤੀ ਨਾਲ 1 ਕਰੋੜ 30 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਤਿੰਨ ਔਰਤਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਧਰਮਿੰਦਰ ਸਿੰਘ ਵਾਸੀ ਵਾਰਡ ਨੰਬਰ 13 ਅਮਲੋਹ ਨੇ ਦੱਸਿਆ ਕਿ ਗੁਰਦੀਪ ਸਿੰਘ ਬੈਂਸ, ਪ੍ਰਦੀਪ ਸਿੰਘ ਬੈਂਸ ਵਾਸੀ ਪਿੰਡ ਬੈਂਸਾਂ (ਜ਼ਿਲ੍ਹਾ ਨਵਾਂਸ਼ਹਿਰ), ਨਿਰਮਲ ਸਿੰਘ, ਉਸ ਦੀ ਪਤਨੀ ਕਰਮਜੀਤ ਕੌਰ ਵਾਸੀ ਪਿੰਡ ਬੀੜ ਭਾਊਕੇ (ਜ਼ਿਲ੍ਹਾ ਪੱਟੀ) ਅਤੇ ਸੁਰਿੰਦਰ ਕੌਰ ਵਾਸੀ ਪਿੰਡ ਭਰੋ ਮਾਜਰਾ (ਜ਼ਿਲ੍ਹਾ ਨਵਾਂਸ਼ਹਿਰ) ਨੇ ਉਸ ਨੂੰ ਝਾਂਸਾ ਦਿੱਤਾ ਸੀ। ਮੁਲਜ਼ਮਾਂ ਨੇ ਅਮਰੀਕਾ ਦੀ ਪੀਜ਼ਾ ਕੰਪਨੀ ’ਚ ਹਿੱਸੇਦਾਰੀ, ਈਬੀ 5 ਕੈਟਾਗਰੀ ਪਰਮਿਟ ਅਤੇ ਗ੍ਰੀਨ ਕਾਰਡ ਦਿਵਾਉਣ ਬਦਲੇ ਉਸ ਕੋਲੋਂ ਧੋਖੇ ਨਾਲ 1 ਕਰੋੜ 30 ਲੱਖ ਰੁਪਏ ਠੱਗ ਲਏ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਰਕਮ ਲੈਣ ਮਗਰੋਂ ਮੁਲਜ਼ਮਾਂ ਨੇ ਨਾ ਤਾਂ ਕੰਪਨੀ ’ਚ ਹਿੱਸਾ ਦਿਵਾਇਆ ਅਤੇ ਨਾ ਹੀ ਗ੍ਰੀਨ ਕਾਰਡ ਬਣਵਾਇਆ। ਜਦੋਂ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮਾਂ ਨੇ ਗਾਲੀ-ਗਲੋਚ ਕੀਤੀ ਅਤੇ ਫ਼ੋਨ ’ਤੇ ਪਰਿਵਾਰ ਸਮੇਤ ਗੈਂਗਸਟਰਾਂ ਹੱਥੋਂ ਮਰਵਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।