ਸਰਹਿੰਦ ਮਾਰਕੀਟ ਕਮੇਟੀ ਦੇ ਚੇਅਰਮੈਨ ਨਾਲ ਵਿਆਹ ਦੇ ਨਾਂ 'ਤੇ ਧੋਖਾਧੜੀ, ਫ਼ਰਜ਼ੀ PCS ਅਫ਼ਸਰ ਪਤਨੀ ਸਮੇਤ 6 ਖ਼ਿਲਾਫ਼ ਕੇਸ
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪਿੰਡ ਮੰਡੋਫਲ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਅਮਰਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਸਾਜ਼ਿਸ਼ ਤਹਿਤ ਮਨਵਿੰਦਰ ਕੌਰ ਨੂੰ ਅਣਵਿਆਹੀ, ਉਸਦੀ ਗਲਤ ਉਮਰ ਦੱਸ ਕੇ ਅਤੇ ਉਸਨੂੰ ਪੀਸੀਐੱਸ ਅਫ਼ਸਰ ਵਜੋਂ ਪੇਸ਼ ਕੀਤਾ।
Publish Date: Tue, 06 Oct 2026 12:58 PM (IST)
Updated Date: Tue, 06 Oct 2026 01:01 PM (IST)
ਦੀਪਕ ਸੂਦ, ਫਤਹਿਗੜ੍ਹ ਸਾਹਿਬ। ਥਾਣਾ ਫਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਸਰਹਿੰਦ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਬਲਾਕ ਸੰਮਤੀ ਮੈਂਬਰ ਅਮਰਿੰਦਰ ਸਿੰਘ ਦੀ ਸ਼ਿਕਾਇਤ 'ਤੇ ਵਿਆਹ ਦੇ ਨਾਂ 'ਤੇ ਧੋਖਾਧੜੀ, ਗਲਤ ਜਾਣਕਾਰੀ ਦੇਣ ਅਤੇ ਜਾਲਸਾਜ਼ੀ ਦੇ ਦੋਸ਼ ਹੇਠ ਇੱਕ ਔਰਤ ਅਤੇ ਉਸਦੇ ਪਰਿਵਾਰਕ ਮੈਂਬਰਾਂ ਸਮੇਤ ਛੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪਿੰਡ ਮੰਡੋਫਲ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਅਮਰਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਸਾਜ਼ਿਸ਼ ਤਹਿਤ ਮਨਵਿੰਦਰ ਕੌਰ ਨੂੰ ਅਣਵਿਆਹੀ, ਉਸਦੀ ਗਲਤ ਉਮਰ ਦੱਸ ਕੇ ਅਤੇ ਉਸਨੂੰ ਪੀਸੀਐੱਸ ਅਫ਼ਸਰ ਵਜੋਂ ਪੇਸ਼ ਕੀਤਾ।
ਝੂਠ ਬੋਲ ਕੇ ਕਰਵਾਇਆ ਵਿਆਹ
ਇਸ ਝੂਠੇ ਦਾਅਵੇ ਅਤੇ ਧੋਖੇ ਵਿੱਚ ਰੱਖ ਕੇ ਉਸਦਾ ਵਿਆਹ ਅਮਰਿੰਦਰ ਸਿੰਘ ਨਾਲ 10 ਫ਼ਰਵਰੀ 2026 ਨੂੰ ਕਰਵਾ ਦਿੱਤਾ ਗਿਆ। ਵਿਆਹ ਤੋਂ ਕੁਝ ਸਮੇਂ་ ਬਾਅਦ ਅਮਰਿੰਦਰ ਸਿੰਘ ਨੂੰ ਜਦੋਂ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਮਾਮਲੇ ਦੀ ਪੜਤਾਲ ਕੀਤੀ, ਜਿਸ ਵਿੱਚ ਸੱਚਾਈ ਸਾਹਮਣੇ ਆਈ।
ਜਾਂਚ ਵਿੱਚ ਪਤਾ ਲੱਗਾ ਕਿ ਮਨਵਿੰਦਰ ਕੌਰ ਪਹਿਲਾਂ ਹੀ ਤਲਾਕਸ਼ੁਦਾ ਹੈ, ਉਸਦਾ ਇੱਕ ਬੱਚਾ ਵੀ ਹੈ ਅਤੇ ਉਹ ਕਿਸੇ ਵੀ ਸਰਕਾਰੀ ਅਹੁਦੇ ਜਾਂ ਪੀਸੀਐੱਸ ਅਧਿਕਾਰੀ ਵਜੋਂ ਕੰਮ ਨਹੀਂ ਕਰ ਰਹੀ ਹੈ।
ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਦੋਸ਼ੀਆਂ ਨੇ ਅਸਲ ਪਛਾਣ ਅਤੇ ਪਰਿਵਾਰਕ ਪਿਛੋਕੜ ਛੁਪਾ ਕੇ ਉਸਦੇ ਨਾਲ ਵੱਡੀ ਧੋਖਾਧੜੀ ਕੀਤੀ ਹੈ। ਅਮਰਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਅਮਰਿੰਦਰ ਸਿੰਘ ਦੀ ਪਤਨੀ ਮਨਵਿੰਦਰ ਕੌਰ (ਪਤਨੀ), ਤਰਲੋਚਨ ਸਿੰਘ (ਭਰਾ), ਅਮਰਜੀਤ ਕੌਰ (ਮਾਂ), ਨਰਿੰਦਰ ਸਿੰਘ (ਤਾਇਆ ਦਾ ਪੁੱਤਰ), ਰੁਪਿੰਦਰ ਕੌਰ (ਭਾਬੀ), ਸੁਖਮਿੰਦਰ ਸਿੰਘ ਰਾਣਾ (ਸਾਬਕਾ ਸਰਪੰਚ) - ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਭਿੱਖੀਵਿੰਡ ਸਥਿਤ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ ਹਨ, ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਦੀ ਕਾਨੂੰਨੀ ਜਾਂਚ ਸ਼ੁਰੂ ਕਰ ਦਿੱਤੀ ਹੈ।