- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਫੂਡ ਸੇਫਟੀ ਟੀਮ ਵੱਲੋਂ ਮਠਿਆਈਆਂ ਤੇ ਡੇਅਰੀ ਉਤਪਾਦਾਂ ਦੇ ਸੈਂਪਲ ਇਕੱਤਰ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪ੍ਰਸ਼ਾਸਨ ਤੇ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਦੇ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਨੇ ਬਸੀ ਪਠਾਣਾ ’ਚ ਦੁੱਧ ਤੇ ਦੁੱਧ ਤੋਂ ਬਣੇ ਉਤਪਾਦਾਂ ਦੀਆਂ ਨਿਰਮਾਣ ਇਕਾਈਆਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਸਾਂਝੀ ਟੀਮ ’ਚ ਸਹਾਇਕ ਕਮਿਸ਼ਨਰ ਫੂਡ ਰਾਖੀ ਵਿਨਾਇਕ, ਫੂਡ ਸੇਫਟੀ ਅਫ਼ਸਰ ਲਵਪ੍ਰੀਤ ਸਿੰਘ ਸੰਧੂ, ਫੂਡ ਸੇਫਟੀ ਅਫ਼ਸਰ ਸੰਦੀਪ ਸਿੰਘ ਸੰਧੂ, ਤਹਿਸੀਲਦਾਰ ਬਸੀ ਪਠਾਣਾ, ਸਹਾਇਕ ਖੁਰਾਕ ਤੇ ਸਿਵਲ ਸਪਲਾਈ ਅਧਿਕਾਰੀ ਅਤੇ ਸੀਐਚਸੀ ਦੇ ਮੈਡੀਕਲ ਅਫ਼ਸਰ ਸ਼ਾਮਲ ਸਨ। ਸਹਾਇਕ ਕਮਿਸ਼ਨਰ ਫੂਡ ਰਾਖੀ ਵਿਨਾਇਕ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਸ਼ੁੱਧ ਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਬਸੀ ਪਠਾਣਾ ’ਚੋਂ ਦੁੱਧ, ਪਨੀਰ, ਖੋਆ ਅਤੇ ਮਠਿਆਈਆਂ ਦੇ 6 ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਅਮਲੋਹ ਸ਼ਹਿਰ ’ਚੋਂ ਵੀ ਖੋਏ, ਚਾਂਦੀ ਦੇ ਵਰਕ ਤੇ ਮਠਿਆਈਆਂ ਦੇ 6 ਸੈਂਪਲ ਲਏ ਗਏ ਸਨ ਅਤੇ ਮਿਲਕ ਚਿਲਿੰਗ ਸੈਂਟਰ ਦੀ ਜਾਂਚ ਕਰਕੇ 1 ਸੈਂਪਲ ਲਿਆ ਗਿਆ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਲੈਬ ਤੋਂ ਰਿਪੋਰਟ ਆਉਣ ਮਗਰੋਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਅਫ਼ਸਰ ਲਵਪ੍ਰੀਤ ਸਿੰਘ ਸੰਧੂ ਅਤੇ ਸੰਦੀਪ ਸਿੰਘ ਨੇ ਕਿਹਾ ਕਿ ਮਿਲਾਵਟਖੋਰੀ ਰੋਕਣ ਲਈ ਨਿਗਰਾਨੀ ਲਗਾਤਾਰ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਚੈਕਿੰਗ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਨੇ ਖ਼ਪਤਕਾਰਾਂ ਨੂੰ ਸੁਚੇਤ ਰਹਿਣ ਅਤੇ ਦੁੱਧ, ਪਨੀਰ, ਦਹੀਂ, ਖੋਆ, ਦੇਸੀ ਘਿਓ ਤੇ ਮਠਿਆਈਆਂ ਹਮੇਸ਼ਾ ਭਰੋਸੇਯੋਗ ਦੁਕਾਨਾਂ ਤੋਂ ਬਿੱਲ ਸਹਿਤ ਖ਼ਰੀਦਣ ਦੀ ਅਪੀਲ ਕੀਤੀ।