- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਪੰਜ ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਸੰਪੰਨ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਅਧੀਨ ਭਾਸ਼ਾ ਸਿੱਖਿਆ ਸ਼ਾਸਤਰ ਤੇ ਵਿਕਾਸ ਕੇਂਦਰ ਵੱਲੋਂ ਬੀਏ-ਬੀਐੱਡ (ਬੈਚ 2024) ਦੇ ਵਿਦਿਆਰਥੀਆਂ ਲਈ ‘ਸੰਚਾਰ ਰਾਹੀਂ ਜੁੜਨਾ: ਅਕਾਦਮਿਕ ਅਤੇ ਕਲਾਸਰੂਮ ਸੰਚਾਰ ਹੁਨਰਾਂ ਦਾ ਵਿਕਾਸ’ ਵਿਸ਼ੇ ’ਤੇ ਕਰਵਾਈ ਪੰਜ ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਨੇਪਰੇ ਚੜ੍ਹੀ। ਵਾਈਸ ਚਾਂਸਲਰ ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਸਿੱਖਿਆ ਵਿਭਾਗ ਦੀ ਇਸ ਪਹਿਲ ਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ। ਅਕਾਦਮਿਕ ਮਾਮਲੇ ਦੇ ਡੀਨ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਅਧਿਆਪਕ-ਸਿਖਿਆਰਥੀਆਂ ਨੂੰ ਆਪਣੇ ਪੜ੍ਹਾਉਣ ਤੇ ਆਪਸੀ ਵਰਤਾਰੇ ਨਾਲ ਜੁੜੇ ਹੁਨਰਾਂ ਨੂੰ ਲਗਾਤਾਰ ਨਿਖਾਰਨ ਲਈ ਪ੍ਰੇਰਿਤ ਕੀਤਾ। ਸਿੱਖਿਆ ਵਿਭਾਗ ਦੇ ਮੁਖੀ ਡਾ. ਹਰਲੀਨ ਬਿਲਿੰਗ ਨੇ ਅਧਿਆਪਕ ਲਈ ਚੰਗੀ ਗੱਲਬਾਤ ਨੂੰ ਅਹਿਮ ਪੇਸ਼ੇਵਰ ਹੁਨਰ ਦੱਸਦਿਆਂ ਕਿਹਾ ਕਿ ਇੱਕ ਚੰਗਾ ਅਧਿਆਪਕ ਸਿਰਫ਼ ਜਾਣਕਾਰੀ ਨਹੀਂ ਦਿੰਦਾ, ਸਗੋਂ ਵਿਦਿਆਰਥੀਆਂ ਨਾਲ ਰਿਸ਼ਤਾ ਬਣਾਉਂਦਾ ਅਤੇ ਕਲਾਸ ਵਿੱਚ ਸਿੱਖਣ ਲਈ ਚੰਗਾ ਮਾਹੌਲ ਬਣਾਉਂਦਾ ਹੈ। ਵਰਕਸ਼ਾਪ ਨੂੰ ਪੰਜ ਸੈਸ਼ਨਾਂ ਵਿਚ ਵੰਡਿਆ ਗਿਆ। ਗੁਰਵਿੰਦਰ ਕੌਰ ਨੇ ‘ਸੰਚਾਰ ਕੰਪਾਸ: ਜਾਣੋ, ਸੋਚੋ ਤੇ ਕਨੈਕਟ ਕਰੋ’ ਰਾਹੀਂ ਆਪਣੇ ਆਪ ਨੂੰ ਸਮਝਣ ਅਤੇ ਦੂਜਿਆਂ ਨਾਲ ਰਿਸ਼ਤੇ ਬਣਾਉਣ ਬਾਰੇ ਗੱਲ ਕੀਤੀ। ਸਵਿਤਾ ਠਾਕੁਰ ਨੇ ‘ਸ਼ਕਤੀ ਵਾਲੇ ਸ਼ਬਦ: ਉਦੇਸ਼ ਨਾਲ ਬੋਲੋ’ ਸੈਸ਼ਨ ਵਿਚ ਸਾਫ਼ ਗੱਲ ਕਰਨ ਅਤੇ ਭਰੋਸੇ ਨਾਲ ਬੋਲਣ ਦੀ ਮਹੱਤਤਾ ਦੱਸੀ। ਹਰਮਨਜੋਤ ਕੌਰ ਨੇ ‘ਪਹਿਲਾਂ ਸੁਣੋ: ਸਮਝ ਦੀ ਬੁੱਧੀ’ ਵਿਚ ਧਿਆਨ ਨਾਲ ਸੁਣਨ ਅਤੇ ਧੀਰਜ ਨਾਲ ਗੱਲ ਸਮਝਣ ’ਤੇ ਜ਼ੋਰ ਦਿੱਤਾ। ਕਰਮਜੀਤ ਕੌਰ ਨੇ ‘ਚੁੱਪ: ਗੈਰ-ਮੌਖਿਕ ਸੰਦੇਸ਼ਾਂ ਨੂੰ ਸਮਝਣਾ’ ਰਾਹੀਂ ਸਰੀਰਕ ਭਾਸ਼ਾ ਅਤੇ ਹਾਵ-ਭਾਵ ਦੀ ਮਹੱਤਤਾ ਸਮਝਾਈ। ਅੰਤਿਮ ਸੈਸ਼ਨ ‘ਸੰਚਾਰਕ ਅਧਿਆਪਕ: ਜੁੜਨਾ, ਵਿਆਖਿਆ ਕਰਨਾ ਅਤੇ ਪ੍ਰੇਰਿਤ ਕਰਨਾ’ ਡਾ. ਲਖਵੀਰ ਕੌਰ ਵੱਲੋਂ ਕਰਵਾਇਆ ਗਿਆ। ਵਰਕਸ਼ਾਪ ਦਾ ਸੰਚਾਲਨ ਸਤਵੰਤ ਕੌਰ ਅਤੇ ਕਿਰਨ ਬਾਲਾ ਵੱਲੋਂ ਕੀਤਾ ਗਿਆ।