
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡਾਇਟ ’ਚ ਕਰਵਾਏ ਗਏ ‘ਅੱਗ-ਰਹਿਤ ਪਕਵਾਨ ਮੁਕਾਬਲੇ’

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਵਿਖੇ ਵਿਦਿਆਰਥੀਆਂ ਦੀ ਸਿਰਜਣਾਤਮਕਤਾ, ਪੌਸ਼ਟਿਕ ਭੋਜਨ ਪ੍ਰਤੀ ਜਾਗਰੂਕਤਾ ਅਤੇ ਵਿਹਾਰਕ ਜੀਵਨ-ਕੁਸ਼ਲਤਾਵਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਅੱਗ-ਰਹਿਤ ਪਕਵਾਨ ਮੁਕਾਬਲੇ’ ਕਰਵਾਏ ਗਏ। ਮੁਕਾਬਲੇ ਦੇ ਕਨਵੀਨਰ ਵੰਦਨਾ ਚੋਪੜਾ ਨੇ ਦੱਸਿਆ ਕਿ ਇਸ ਵਿੱਚ ਕੁੱਲ 17 ਗਰੁੱਪਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਬਿਨਾਂ ਅੱਗ ਵਰਤੇ ਵੱਖ-ਵੱਖ ਪੌਸ਼ਟਿਕ, ਸੁਆਦਲੇ ਅਤੇ ਆਕਰਸ਼ਕ ਪਕਵਾਨ ਤਿਆਰ ਕੀਤੇ। ਮੁਕਾਬਲੇ ਦੌਰਾਨ ਭੇਲਪੁਰੀ, ਪੁਦੀਨੇ ਦਾ ਠੰਢਾ ਪੇਅ, ਸਲਾਦ, ਸਬਜ਼ੀਆਂ ਵਾਲੇ ਸੈਂਡਵਿਚ, ਖੀਰੇ ਦੀਆਂ ਕਿਸ਼ਤੀਆਂ ਅਤੇ ਛੋਲਿਆਂ ਦੀ ਚਾਟ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਡਾਇਟ ਦੇ ਪ੍ਰਿੰਸੀਪਲ ਡਾ. ਆਨੰਦ ਗੁਪਤਾ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਨਾਲ ਸਿਰਜਣਾਤਮਕਤਾ, ਆਪਸੀ ਸਹਿਯੋਗ ਅਤੇ ਪੌਸ਼ਟਿਕ ਭੋਜਨ ਪ੍ਰਤੀ ਜਾਗਰੂਕਤਾ ਵੱਧਦੀ ਹੈ। ਮੁਕਾਬਲੇ ਵਿਚ ਜਸਪਾਲ ਕੌਰ, ਸੁਜਾਦ ਅਲੀ ਅਤੇ ਗੁਰਪ੍ਰੀਤ ਸਿੰਘ ਨੇ ਜੱਜਾਂ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ ਪਕਵਾਨਾਂ ਦੇ ਸੁਆਦ, ਪੌਸ਼ਟਿਕਤਾ, ਪੇਸ਼ਕਾਰੀ ਅਤੇ ਨਵੀਨਤਾ ਦੇ ਆਧਾਰ ’ਤੇ ਮੁਲਾਂਕਣ ਕੀਤਾ। ਮੁਕਾਬਲੇ ਦੇ ਨਤੀਜਿਆਂ ਵਿਚ ਰਸ਼ਪ੍ਰੀਤ, ਰਮਨਪ੍ਰੀਤ ਕੌਰ, ਸੁਮਨਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਮਨਪ੍ਰੀਤ ਕੌਰ, ਸੰਦੀਪ ਕੌਰ, ਕੁਲਦੀਪ ਕੌਰ ਅਤੇ ਅਮਨਦੀਪ ਕੌਰ ਦੀ ਟੀਮ ਨੇ ਦੂਜਾ, ਜਦਕਿ ਸੂਰਜ, ਮਨਵੀਰ, ਗੁਰਪਿਆਰ ਅਤੇ ਹਰਸ਼ ਬਾਵਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਮਾਗਮ ਦੇ ਅੰਤ ਵਿਚ ਡਾ. ਕੁਲਦੀਪ ਸਿੰਘ ਨੇ ਜੇਤੂ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਵੰਦਨਾ ਚੋਪੜਾ ਨੇ ਸਾਰੇ ਭਾਗੀਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।