
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਿੰਡ ਵਜੀਰਾਬਾਦ ’ਚ ਗ਼ਰੀਬ ਪਰਿਵਾਰ ਦੇ ਘਰ ਨੂੰ ਲੱਗੀ ਅੱਗ, ਲੜਕੀ ਦੇ ਵਿਆਹ ਦਾ ਸਾਮਾਨ ਸੜ ਕੇ ਸੁਆਹ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪਿੰਡ ਵਜ਼ੀਰਾਬਾਦ ਵਿਖੇ ਬੀਤੀ ਰਾਤ ਅਚਾਨਕ ਅੱਗ ਲੱਗਣ ਕਾਰਨ ਇਕ ਗ਼ਰੀਬ ਪਰਿਵਾਰ ਦਾ ਸਾਰਾ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਪਰਿਵਾਰ ਵੱਲੋਂ ਲੜਕੀ ਦੇ ਵਿਆਹ ਲਈ ਜੋੜਿਆ ਗਿਆ ਸਾਮਾਨ ਵੀ ਅੱਗ ਦੀ ਭੇਟ ਚੜ੍ਹ ਗਿਆ। ਪੀੜਤ ਰਣਵੀਰ ਸਿੰਘ ਅਤੇ ਉਸ ਦੀ ਪਤਨੀ ਸੁਮਨ ਨੇ ਦੱਸਿਆ ਕਿ ਘਟਨਾ ਸਮੇਂ ਘਰ ’ਚ ਕੋਈ ਵੀ ਮੌਜੂਦ ਨਹੀਂ ਸੀ। ਰਣਵੀਰ ਸਿੰਘ ਗੁੱਗਾ ਮਾੜੀ ਵਿਖੇ ਸੇਵਾ ਕਰਨ ਗਿਆ ਹੋਇਆ ਸੀ, ਜਦਕਿ ਉਸ ਦੀ ਪਤਨੀ ਵੀ ਕੰਮ ਲਈ ਗਈ ਹੋਈ ਸੀ। ਰਾਤ ਕਰੀਬ 1:30 ਵਜੇ ਘਰ ’ਚ ਅਚਾਨਕ ਅੱਗ ਲੱਗ ਗਈ। ਸੂਚਨਾ ਮਿਲਣ ’ਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਅੱਗ ’ਤੇ ਕਾਬੂ ਪਾਇਆ, ਪਰ ਉਦੋਂ ਤੱਕ ਸਾਰਾ ਸਾਮਾਨ ਸੜ ਚੁੱਕਾ ਸੀ। ਪੀੜਤ ਪਰਿਵਾਰ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੀਨੀਅਰ ਕਾਂਗਰਸੀ ਆਗੂ ਹਰਦੀਪ ਸਿੰਘ ਹੈਰੀ ਪੀੜਤ ਪਰਿਵਾਰ ਕੋਲ ਪਹੁੰਚੇ ਅਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਹੌਸਲਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਬਹੁਤ ਹੀ ਗ਼ਰੀਬ ਹੈ ਅਤੇ ਇਸ ਔਖੀ ਘੜੀ ’ਚ ਇਨ੍ਹਾਂ ਨੂੰ ਸਹਾਰੇ ਦੀ ਲੋੜ ਹੈ। ਉਨ੍ਹਾਂ ਪ੍ਰਸ਼ਾਸਨ, ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਪੀੜਤ ਪਰਿਵਾਰ ਦੀ ਵਿੱਤੀ ਮਦਦ ਕੀਤੀ ਜਾਵੇ ਤਾਂ ਜੋ ਉਹ ਮੁੜ ਆਪਣਾ ਘਰ ਵਸਾ ਸਕਣ।