- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
4 ਘੰਟੇ ਦੇ ਧਰਨੇ ਉਪਰੰਤ ਪਿਓ-ਪੁੱਤ ਰਿਹਾਅ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਪਿੰਡ ਸਲਾਣਾ ਦੇ ਪਿਓ-ਪੁੱਤ ਖ਼ਿਲਾਫ਼ ਕੀਤੀ ਇਕਪਾਸੜ ਪੁਲਿਸ ਕਾਰਵਾਈ ਦੇ ਵਿਰੋਧ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਥਾਣਾ ਅਮਲੋਹ ਅੱਗੇ ਧਰਨਾ ਦਿੱਤਾ ਗਿਆ। ਇਹ ਰੋਸ ਧਰਨਾ ਪਾਰਟੀ ਦੀ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਕਰੀਬ 4 ਘੰਟੇ ਚੱਲਿਆ। ਅਕਾਲੀ ਆਗੂਆਂ ਅਨੁਸਾਰ ਪਿੰਡ ਸਲਾਣਾ ਦੇ ਅਕਾਲੀ ਆਗੂ ਨਰਿੰਦਰ ਸਿੰਘ ਦਾ ਆਪਣੇ ਚਚੇਰੇ ਭਰਾ ਨਾਲ ਜ਼ਮੀਨ ਦੀ ਮਿਣਤੀ ਨੂੰ ਲੈ ਕੇ ਘਰੇਲੂ ਵਿਵਾਦ ਚੱਲ ਰਿਹਾ ਸੀ। ਨਰਿੰਦਰ ਸਿੰਘ ਅਨੁਸਾਰ ਇਹ ਮਸਲਾ ਝੋਨੇ ਦੀ ਕਟਾਈ ਮਗਰੋਂ ਮਿਣਤੀ ਕਰਵਾ ਕੇ ਹੱਲ ਕੀਤਾ ਜਾਣਾ ਤੈਅ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਚਚੇਰੇ ਭਰਾ ਦੇ ਸੱਤਾਧਾਰੀ ਧਿਰ ਨਾਲ ਜੁੜੇ ਹੋਣ ਕਾਰਨ ਪੁਲਿਸ ਨੇ ਬੀਤੀ ਰਾਤ ਕਥਿਤ ਸਿਆਸੀ ਦਬਾਅ ਹੇਠ ਉਸ ਨੂੰ ਅਤੇ ਉਸ ਦੇ ਪੁੱਤਰ ਤੇਗਵੀਰ ਸਿੰਘ ਨੂੰ ਜਬਰੀ ਹਿਰਾਸਤ ’ਚ ਲੈ ਕੇ ਥਾਣੇ ਬੰਦ ਕਰ ਦਿੱਤਾ। ਮਾਮਲੇ ਦੀ ਭਿਣਕ ਪੈਂਦਿਆਂ ਹੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਰਕਰਾਂ ਸਮੇਤ ਥਾਣੇ ਪੁੱਜੇ ਅਤੇ ਇਸ ਕਥਿਤ ਧੱਕੇਸ਼ਾਹੀ ਖ਼ਿਲਾਫ਼ ਥਾਣੇ ਅੱਗੇ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਰਾਜੂ ਖੰਨਾ ਨੇ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਦੀ ਸ਼ਹਿ ’ਤੇ ਅਕਾਲੀ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜਾਂ ਤਾਂ ਦੂਜੀ ਧਿਰ ਖ਼ਿਲਾਫ਼ ਵੀ ਬਰਾਬਰ ਕਾਰਵਾਈ ਹੋਵੇ ਜਾਂ ਫਿਰ ਨਰਿੰਦਰ ਸਿੰਘ ਤੇ ਉਸ ਦੇ ਪੁੱਤਰ ਖ਼ਿਲਾਫ਼ ਦਰਜ ਕੇਸ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਘਰੇਲੂ ਵਿਵਾਦ ਨੂੰ ਆਪਸੀ ਸਹਿਮਤੀ ਨਾਲ ਸੁਲਝਾਉਣ ਦੀ ਬਜਾਏ ਸਿਆਸੀ ਰੰਜਿਸ਼ ਤਹਿਤ ਕਾਰਵਾਈ ਕਰਵਾਈ ਗਈ ਹੈ। ਉਨ੍ਹਾਂ ਇਲਾਕੇ ਵਿਚ ਕਾਨੂੰਨ ਵਿਵਸਥਾ ਤੇ ਨਸ਼ਿਆਂ ਦੇ ਮੁੱਦੇ ਚੁੱਕਦਿਆਂ ਦੋਸ਼ ਲਾਇਆ ਕਿ ਅਸਲ ਦੋਸ਼ੀਆਂ ਦੀ ਬਜਾਏ ਬੇਕਸੂਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਕਾਲੀ ਆਗੂਆਂ ਅਨੁਸਾਰ ਲੰਮੇ ਪ੍ਰਦਰਸ਼ਨ ਉਪਰੰਤ ਉੱਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਦੋਵਾਂ ਖ਼ਿਲਾਫ਼ ਕਾਰਵਾਈ ਰੱਦ ਕਰਕੇ ਉਨ੍ਹਾਂ ਨੂੰ ਥਾਣੇ ਤੋਂ ਰਵਾਨਾ ਕਰ ਦਿੱਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ, ਯੂਥ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਕੰਵਲਜੀਤ ਸਿੰਘ ਗਿੱਲ, ਸੀਨੀਅਰ ਆਗੂ ਕੇਸਰ ਸਿੰਘ ਸਲਾਣਾ, ਡਾ. ਅਰਜੁਨ ਸਿੰਘ ਪ੍ਰਧਾਨ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਹਰਿੰਦਰ ਸਿੰਘ ਦੀਵਾ, ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਮਛਰਾਈ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਐਸਓਆਈ ਦੇ ਸੂਬਾ ਮੀਤ ਪ੍ਰਧਾਨ ਗੁਰਕੀਰਤ ਸਿੰਘ ਪਨਾਗ, ਐਸਓਆਈ ਦੇ ਜ਼ਿਲ੍ਹਾ ਪ੍ਰਧਾਨ ਸਹਿਜ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ ਸਲਾਣਾ, ਜਥੇਦਾਰ ਗੁਰਬਖਸ਼ ਸਿੰਘ ਬੈਣਾ, ਅਮਨਦੀਪ ਸਿੰਘ ਭੱਦਲਥੂਹਾ, ਮਹਿੰਦਰ ਸਿੰਘ ਭੱਦਲਥੂਹਾ, ਵਿਪਨ ਕੁਮਾਰ ਪ੍ਰਿੰਸ, ਕਰਮਜੀਤ ਸਿੰਘ ਮਿੱਠੂ, ਬਿੱਟਾ ਪਟਵਾਰੀ, ਕੇਵਲ ਖ਼ਾਨ ਧਰਮਗੜ੍ਹ, ਜਥੇਦਾਰ ਹਰਵਿੰਦਰ ਸਿੰਘ ਬਿੰਦਾ ਮਾਜਰੀ, ਜਗਦੇਵ ਸਿੰਘ ਸੌਟੀ, ਰਾਜੂ ਖ਼ਾਨ ਸਲਾਣਾ, ਗੁਰਪ੍ਰੀਤ ਸਿੰਘ ਗੋਲੂ, ਸਤਨਾਮ ਸਿੰਘ ਡਡਹੇੜੀ, ਵਰਿੰਦਰ ਸਿੰਘ ਟਿੰਕੂ, ਹਰਪਾਲ ਸਿੰਘ ਭਗਵਾਨਪੁਰਾ, ਦਸਵਿੰਦਰ ਸਿੰਘ ਰੋਡਾ ਸੌਟੀ, ਬੰਟੀ ਸੌਟੀ, ਬਾਬਾ ਬੰਤ ਸਿੰਘ ਅਤੇ ਲਵਪ੍ਰੀਤ ਸਿੰਘ ਬੁੱਗਾ ਸਮੇਤ ਵੱਡੀ ਗਿਣਤੀ ਆਗੂ ਤੇ ਵਰਕਰ ਹਾਜ਼ਰ ਸਨ।