
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ, ਪਿੰਡ ਜੱਲ੍ਹਾ, ਦਾ ਅਚਨਚੇਤ ਦੌਰਾ ਕੀਤਾ। ਇਹ ਦੌਰਾ ਸਕੂਲ ਦੇ ਪਖਾਨਿਆਂ ਦੀ ਖ਼ਸਤਾ ਹਾਲਤ ਨੂੰ ਦਰਸਾਉਂਦੀ ਕਰੀਬ ਚਾਰ ਸਾਲ ਪੁਰਾਣੀ ਵੀਡੀਓ ਦੇ ਮੁੜ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਕੀਤਾ ਗਿਆ।

ਗੁਰਪ੍ਰੀਤ ਸਿੰਘ ਮਹਿਕ,ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ, ਪਿੰਡ ਜੱਲ੍ਹਾ, ਦਾ ਅਚਨਚੇਤ ਦੌਰਾ ਕੀਤਾ। ਇਹ ਦੌਰਾ ਸਕੂਲ ਦੇ ਪਖਾਨਿਆਂ ਦੀ ਖ਼ਸਤਾ ਹਾਲਤ ਨੂੰ ਦਰਸਾਉਂਦੀ ਕਰੀਬ ਚਾਰ ਸਾਲ ਪੁਰਾਣੀ ਵੀਡੀਓ ਦੇ ਮੁੜ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਕੀਤਾ ਗਿਆ।
ਇਹ ਵੀਡੀਓ ਕਰੀਬ ਚਾਰ ਸਾਲ ਪਹਿਲਾਂ ਵਾਇਰਲ ਹੋਈ ਸੀ, ਜਿਸ ਨੂੰ ਹਾਲ ਹੀ ਵਿੱਚ ਮੁੜ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹੋ ਗਈ। ਇਸ ਤੋਂ ਬਾਅਦ ਸਿੱਖਿਆ ਮੰਤਰੀ ਨੇ ਖੁਦ ਸਕੂਲ ਪਹੁੰਚ ਕੇ ਮੌਜੂਦਾ ਜ਼ਮੀਨੀ ਹਾਲਾਤ ਦਾ ਜਾਇਜ਼ਾ ਲਿਆ।
ਮੰਤਰੀ ਬੈਂਸ ਦੁਪਹਿਰ ਕਰੀਬ 2.10 ਵਜੇ ਸਕੂਲ ਪਹੁੰਚੇ ਅਤੇ ਕਰੀਬ 15 ਮਿੰਟ ਸਕੂਲ ਵਿੱਚ ਰਹੇ। ਉਹ ਸਕੂਲ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਪਹੁੰਚੇ, ਪਰ ਉਸ ਸਮੇਂ ਵਿਦਿਆਰਥੀ ਅਤੇ ਸਕੂਲ ਦਾ ਸਟਾਫ਼ ਹਾਲੇ ਸਕੂਲ ਤੋਂ। ਘਰਾ ਲਈ ਰਵਾਨਾ ਨਹੀਂ ਹੋਏ ਸਨ।
ਸਕੂਲ ਦਾ ਨਿਰੀਖਣ ਕਰਨ ਤੋਂ ਬਾਅਦ ਬੈਂਸ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਪ੍ਰਸਾਰਿਤ ਕੀਤੀ ਜਾ ਰਹੀ ਵੀਡੀਓ ਪੁਰਾਣੀ ਹੈ ਅਤੇ ਇਹ ਸਕੂਲ ਦੀ ਮੌਜੂਦਾ ਸਥਿਤੀ ਨੂੰ ਨਹੀਂ ਦਰਸਾਉਂਦੀ। ਉਨ੍ਹਾਂ ਕਿਹਾ ਕਿ ਉਹ ਜ਼ਮੀਨੀ ਹਕੀਕਤ ਦੀ ਖੁਦ ਜਾਂਚ ਕਰਨ ਲਈ ਬਿਨਾਂ ਕਿਸੇ ਪੂਰਵ ਸੂਚਨਾ ਦੇ ਦੁਪਹਿਰ ਸਮੇਂ ਸਕੂਲ ਪਹੁੰਚੇ ਸਨ।
ਮੰਤਰੀ ਨੇ ਦੱਸਿਆ ਕਿ ਸਕੂਲ ਵਿੱਚ ਇਸ ਸਮੇਂ ਕਰੀਬ 100 ਵਿਦਿਆਰਥੀ ਅਤੇ 9 ਅਧਿਆਪਕ ਹਨ। ਉਨ੍ਹਾਂ ਕਿਹਾ ਕਿ ਸਕੂਲ ਦੇ ਪਖਾਨੇ ਸਾਫ਼-ਸੁਥਰੇ ਪਾਏ ਗਏ ਅਤੇ ਉੱਥੇ ਚੱਲਦਾ ਪਾਣੀ ਉਪਲਬਧ ਹੈ। ਲੜਕੀਆਂ ਦੇ ਪਖਾਨੇ ਵਿੱਚ ਲੱਗੀ ਸੈਨੇਟਰੀ ਪੈਡ ਡਿਸਪੋਜ਼ਲ ਮਸ਼ੀਨ ਵੀ ਚਾਲੂ ਹਾਲਤ ਵਿੱਚ ਮਿਲੀ।
ਉਨ੍ਹਾਂ ਦੱਸਿਆ ਕਿ ਸਕੂਲ ਦੀ ਚਾਰਦੀਵਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਪਿਛਲੇ ਚਾਰ ਸਾਲਾਂ ਦੌਰਾਨ ਸਕੂਲ ਦੀ ਮੁਰੰਮਤ ਤੇ ਰੱਖ-ਰਖਾਅ ਦੇ ਕੰਮਾਂ ’ਤੇ ਕਰੀਬ 15 ਲੱਖ ਰੁਪਏ ਖਰਚ ਕੀਤੇ ਗਏ ਹਨ।
ਬੈਂਸ ਅਨੁਸਾਰ ਸਕੂਲ ਵਿੱਚ ਦੋ ਸਮਾਰਟ ਪੈਨਲ, ਤਿੰਨ ਪ੍ਰੋਜੈਕਟਰ, ਕਾਰਜਸ਼ੀਲ ਕੰਪਿਊਟਰ ਲੈਬ ਅਤੇ ਸਾਇੰਸ ਲੈਬ, ਵਾਈ-ਫਾਈ ਕੁਨੈਕਟੀਵਿਟੀ ਅਤੇ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਮੌਜੂਦ ਹਨ ਅਤੇ ਨਿਰੀਖਣ ਦੌਰਾਨ ਇਹ ਸਾਰੀਆਂ ਸਹੂਲਤਾਂ ਚਾਲੂ ਪਾਈਆਂ ਗਈਆਂ।
ਉਨ੍ਹਾਂ ਕਿਹਾ ਕਿ ਸਕੂਲ ਦੀ ਇਮਾਰਤ ਦਾ ਵ੍ਹਾਈਟਵਾਸ਼ ਹਾਲੇ ਬਾਕੀ ਹੈ। ਇਸ ਲਈ ਲੋੜੀਂਦੀ ਗ੍ਰਾਂਟ ਪਹਿਲਾਂ ਹੀ ਮਨਜ਼ੂਰ ਹੋ ਚੁੱਕੀ ਹੈ ਅਤੇ ਮੌਨਸੂਨ ਦੇ ਮੌਸਮ ਤੋਂ ਬਾਅਦ ਸਕੂਲ ਵਿਚ ਰੰਗ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਸਿੱਖਿਆ ਮੰਤਰੀ ਨੇ ਸਕੂਲ ਦੇ ਪਿੱਛੇ ਸਥਿਤ ਪੰਚਾਇਤੀ ਗਰਾਊਂਡ ਦੀ ਹਾਲਤ ਨੂੰ ਸੁਧਾਰ ਦੀ ਲੋੜ ਵਾਲਾ ਮੁੱਖ ਮਸਲਾ ਦੱਸਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਸਬੰਧਤ ਪੰਚਾਇਤ ਕੋਲ ਉਠਾ ਕੇ ਗਰਾਊਂਡ ਦੀ ਸਾਂਭ-ਸੰਭਾਲ ਅਤੇ ਵਿਕਾਸ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।
ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਲਈ ਸਿੱਖਿਆ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਉਣ ਅਤੇ ਪੰਜਾਬ ਦੇ ਹਰ ਸਰਕਾਰੀ ਸਕੂਲ ਨੂੰ ਉੱਚੇ ਮਿਆਰਾਂ ਅਨੁਸਾਰ ਵਿਕਸਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।