
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਨਾਲ ਸਬੰਧਤ ਵੱਖ-ਵੱਖ ਸੜਕੀ ਪ੍ਰੋਜੈਕਟਾਂ ਅਤੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।

ਪੰਜਾਬੀ ਜਾਗਰਣ ਬਿੳੂਰੋ, ਫਤਹਿਗੜ੍ਹ ਸਾਹਿਬ : ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਨਾਲ ਸਬੰਧਤ ਵੱਖ-ਵੱਖ ਸੜਕੀ ਪ੍ਰੋਜੈਕਟਾਂ ਅਤੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਦੇ ਸਾਹਮਣੇ ਸਰਹਿੰਦ ਤੋਂ ਲੁਧਿਆਣਾ ਤੱਕ ਨੈਸ਼ਨਲ ਹਾਈਵੇ ਦੀ ਰਿਪੇਅਰ ਅਤੇ ਨਵੀਨੀਕਰਨ ਦੀ ਮੰਗ ਰੱਖੀ ਜਿਸ ਵਿੱਚ ਲਾਈਟਾਂ, ਗ੍ਰੀਨ ਬੈਲਟ, ਸਰਵਿਸ ਲਾਈਨਾਂ ਦੀ ਰਿਪੇਅਰ ਸ਼ਾਮਲ ਹਨ।
ਇਸ ਤੋਂ ਇਲਾਵਾ ਖਰੜ-ਲੁਧਿਆਣਾ ਰਾਸ਼ਟਰੀ ਮਾਰਗ ’ਤੇ ਕੋਟਲਾ ਸ਼ਮਸ਼ਪੁਰ ਵਿਖੇ ਅੰਡਰਪਾਸ ਨੂੰ ਪਹਿਲ ਦੇ ਆਧਾਰ ਤੇ ਬਣਾਉਣ ਦੀ ਮੰਗ ਰੱਖੀ। ਉਨ੍ਹਾਂ ਦੱਸਿਆ ਕਿ ਹਾਈਵੇ ਨਿਕਲਣ ਕਾਰਨ ਪਿੰਡ ਕੋਟਲਾ ਸ਼ਮਸ਼ਪੁਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਅਤੇ ਪਿੰਡ ਵਾਸੀਆਂ ਨੂੰ ਤੇਜ਼ ਰਫ਼ਤਾਰ ਆਵਾਜਾਈ ਵਿਚਕਾਰ ਰੋਜ਼ਾਨਾ ਸੜਕ ਪਾਰ ਕਰਨੀ ਪੈਂਦੀ ਹੈ। ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਅੰਡਰਪਾਸ ਬਣਾਉਣਾ ਬੇਹੱਦ ਜ਼ਰੂਰੀ ਹੈ।
ਸਰਹਿੰਦ ਲੁਧਿਆਣਾ ਹਾਈਵੇ ਅਤੇ ਖਰੜ ਲੁਧਿਆਣਾ ਹਾਈਵੇ ਦੀਆਂ ਮੰਗਾਂ ਤੋਂ ਬਾਅਦ ਡਾ ਅਮਰ ਸਿੰਘ ਨੇ ਸਾਹਨੇਵਾਲ ਇਲਾਕੇ ਦੇ ਸੂਜਾਤਵਾਲਾ ਰੋਡ ’ਤੇ ਲੁਧਿਆਣਾ ਰੋਪੜ (ਰੂਪਨਗਰ) ਐਕਸਪ੍ਰੈੱਸਵੇਅ ਲਈ ਪਹੁੰਚ ਮੁਹੱਈਆ ਕਰਵਾਉਣ ਦੀ ਮੰਗ ਵੀ ਰੱਖੀ। ਡਾ. ਅਮਰ ਸਿੰਘ ਨੇ ਕਿਹਾ ਕਿ ਸਾਹਨੇਵਾਲ ਇੱਕ ਮਹੱਤਵਪੂਰਨ ਉਦਯੋਗਿਕ ਖੇਤਰ ਹੈ ਅਤੇ ਇਸ ਦੇ ਆਸ-ਪਾਸ ਦੇ ਕਈ ਪਿੰਡਾਂ ਦੇ ਵਸਨੀਕਾਂ ਨੂੰ ਐਕਸਪ੍ਰੈੱਸਵੇਅ ਦੀ ਸਹੂਲਤ ਮਿਲਣ ਨਾਲ ਹਜ਼ਾਰਾਂ ਲੋਕਾਂ ਨੂੰ ਆਵਾਜਾਈ ਵਿੱਚ ਰਾਹਤ ਮਿਲੇਗੀ ਅਤੇ ਖੇਤਰ ਦੀ ਆਰਥਿਕ ਤਰੱਕੀ ਨੂੰ ਵੀ ਹੁਲਾਰਾ ਮਿਲੇਗਾ।
ਡਾ. ਅਮਰ ਸਿੰਘ ਨੇ ਖੰਟ ਵਿਖੇ ਪਹਿਲਾਂ ਹੀ ਮਨਜ਼ੂਰ ਕੀਤੇ ਫੁੱਟ ਓਵਰ ਬ੍ਰਿਜ ਨੂੰ ਜੀਟੀਬੀ ਸਕੂਲ ਖੰਟ ਦੇ ਬਿਲਕੁਲ ਸਾਹਮਣੇ ਤਬਦੀਲ ਕਰਨ ਦੀ ਮੰਗ ਵੀ ਕੇਂਦਰੀ ਮੰਤਰੀ ਸਾਹਮਣੇ ਰੱਖੀ। ਉਨ੍ਹਾਂ ਦੱਸਿਆ ਕਿ ਇਸ ਫੁੱਟ ਓਵਰ ਬ੍ਰਿਜ ਦੀ ਮੁੱਖ ਲੋੜ ਸਕੂਲੀ ਬੱਚਿਆਂ ਨੂੰ NH-05 ਪਾਰ ਕਰਵਾਉਣ ਲਈ ਸੁਰੱਖਿਅਤ ਰਸਤਾ ਮੁਹੱਈਆ ਕਰਵਾਉਣਾ ਹੈ ਪਰ ਇਹ ਓਵਰਬ੍ਰਿਜ ਇਸ ਤੋਂ ਥੋੜ੍ਹਾ ਜਿਹਾ ਹੱਟਕੇ ਬਣਨ ਲਈ ਪਾਸ ਹੋਇਆ ਜਿਸ ਕਾਰਨ ਮੌਜੂਦਾ ਸਥਾਨ ’ਤੇ ਬਣਨ ਵਾਲੇ ਪੁਲ ਨਾਲ ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਮਕਸਦ ਦੀ ਪੂਰਤੀ ਨਹੀਂ ਹੋਵੇਗੀ, ਇਸ ਲਈ ਲੋਕ ਹਿੱਤ ਨੂੰ ਸਮਝਦੇ ਹੋਏ ਇਸ ਨੂੰ ਸਕੂਲ ਦੇ ਸਾਹਮਣੇ ਤਬਦੀਲ ਕਰਨਾ ਚਾਹੀਦਾ ਹੈ।
ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਨਾਲ ਸਬੰਧਤ ਇਨ੍ਹਾਂ ਮੰਗਾਂ ਅਤੇ ਪ੍ਰੋਜੈਕਟਾਂ ਨੂੰ ਤਰਜੀਹ ਦੇ ਆਧਾਰ ’ਤੇ ਵਿਚਾਰਿਆ ਜਾਵੇ ਅਤੇ ਲੋੜੀਂਦੀਆਂ ਮਨਜ਼ੂਰੀਆਂ ‘ਤੇ ਕਾਰਵਾਈ ਜਲਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਲਾਗੂ ਹੋਣ ਨਾਲ ਲੋਕਾਂ ਨੂੰ ਸੁਰੱਖਿਅਤ ਅਤੇ ਬਿਹਤਰ ਆਵਾਜਾਈ ਦੀ ਸਹੂਲਤ ਮਿਲਣ ਦੇ ਨਾਲ-ਨਾਲ ਉਦਯੋਗ, ਵਪਾਰ ਅਤੇ ਸਮੁੱਚੇ ਖੇਤਰ ਦੇ ਵਿਕਾਸ ਨੂੰ ਵੀ ਵੱਡਾ ਹੁਲਾਰਾ ਮਿਲੇਗਾ।