- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨਾਲ ਮੁਲਾਕਾਤ ਕਰਕੇ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਰੇਲਵੇ ਨਾਲ ਸਬੰਧਤ ਕਈ ਅਹਿਮ ਮੁੱਦੇ ਉਠਾਏ।

ਗੁਰਪ੍ਰੀਤ ਮਹਿਕ, ਫਤਹਿਗੜ੍ਹ ਸਾਹਿਬ : ਸ੍ਰੀ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨਾਲ ਮੁਲਾਕਾਤ ਕਰਕੇ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਰੇਲਵੇ ਨਾਲ ਸਬੰਧਤ ਕਈ ਅਹਿਮ ਮੁੱਦੇ ਉਠਾਏ। ਮੁਲਾਕਾਤ ਦੌਰਾਨ ਉਨ੍ਹਾਂ ਨੇ ਰਾਏਕੋਟ ਰੇਲ ਲਾਈਨ, ਦੋਰਾਹਾ ਰੇਲਵੇ ਓਵਰਬ੍ਰਿਜ ਅਤੇ ਹਲਕੇ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ’ਤੇ ਹੋਰ ਰੇਲ ਗੱਡੀਆਂ ਦੀ ਸਹੂਲਤ ਵਧਾਉਣ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ।
ਡਾ. ਅਮਰ ਸਿੰਘ ਨੇ ਕੇਂਦਰੀ ਰੇਲ ਮੰਤਰੀ ਦੇ ਸਾਹਮਣੇ ਮੁੱਲਾਂਪੁਰ–ਰਾਏਕੋਟ–ਬਰਨਾਲਾ 53 ਕਿਲੋਮੀਟਰ ਨਵੀਂ ਰੇਲਵੇ ਲਾਈਨ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਰਾਏਕੋਟ ਇੱਕ ਮਹੱਤਵਪੂਰਨ ਸ਼ਹਿਰ ਹੋਣ ਦੇ ਬਾਵਜੂਦ ਅਜੇ ਤੱਕ ਰੇਲਵੇ ਕਨੈਕਟੀਵਿਟੀ ਤੋਂ ਵਾਂਝਾ ਹੈ। ਉਹ ਇਸ ਪ੍ਰਾਜੈਕਟ ਦੀ 2019 ਤੋਂ ਲਗਾਤਾਰ ਪੈਰਵੀ ਕਰ ਰਹੇ ਹਨ ਅਤੇ ਇਸ ਸਬੰਧੀ ਸੰਸਦ ਵਿੱਚ ਵੀ ਮੰਗ ਉਠਾ ਚੁੱਕੇ ਹਨ।
ਡਾ. ਅਮਰ ਸਿੰਘ ਨੇ ਦੋਰਾਹਾ ਵਿਖੇ ਰੇਲਵੇ ਓਵਰਬ੍ਰਿਜ ਦਾ ਮੁੱਦਾ ਵੀ ਕੇਂਦਰੀ ਰੇਲ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਅਤੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਪਾਸ ਹੋਏ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਢਿੱਲੀ ਕਾਰਗੁਜ਼ਾਰੀ ਕਾਰਨ ਇਹ ਜਿਉਂ ਦਾ ਤਿਉਂ ਹੀ ਖੜਾ ਹੈ। ਦੋਰਾਹਾ ਰੇਲਵੇ ਲਾਈਨ ਤੇ ਲੱਗਣ ਵਾਲੇ ਲੰਬੇ ਟ੍ਰੈਫਿਕ ਜਾਮ ਕਾਰਨ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਤੋਂ ਇਲਾਵਾ ਡਾ. ਅਮਰ ਸਿੰਘ ਨੇ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਅਧੀਨ ਆਉਂਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ’ਤੇ ਰੇਲ ਗੱਡੀਆਂ ਦੀ ਗਿਣਤੀ ਵਧਾਉਣ ਦੀ ਮੰਗ ਵੀ ਰੇਲ ਮੰਤਰੀ ਦੇ ਸਾਹਮਣੇ ਰੱਖੀ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਆਪਣੇ ਰੋਜ਼ਾਨਾ ਕੰਮਕਾਜ, ਵਪਾਰ, ਸਿੱਖਿਆ ਅਤੇ ਰੋਜ਼ਗਾਰ ਲਈ ਵੱਖ-ਵੱਖ ਸ਼ਹਿਰਾਂ ਵਿੱਚ ਆਉਣਾ-ਜਾਣਾ ਪੈਂਦਾ ਹੈ। ਇਸ ਲਈ ਮੌਜੂਦਾ ਰੇਲ ਸੇਵਾਵਾਂ ਵਿੱਚ ਵਾਧਾ ਕਰਨਾ ਲੋਕਾਂ ਦੀ ਇੱਕ ਅਹਿਮ ਲੋੜ ਹੈ।
ਉਨ੍ਹਾਂ ਕਿਹਾ ਕਿ ਉਹ ਹਲਕੇ ਵਿੱਚ ਰੇਲਵੇ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਕੇਂਦਰ ਸਰਕਾਰ ਅਤੇ ਰੇਲ ਮੰਤਰਾਲੇ ਦੇ ਸਾਹਮਣੇ ਇਹ ਮੁੱਦੇ ਉਠਾਉਂਦੇ ਰਹਿਣਗੇ। ਡਾ. ਅਮਰ ਸਿੰਘ ਨੇ ਉਮੀਦ ਜਤਾਈ ਕਿ ਕੇਂਦਰੀ ਰੇਲ ਮੰਤਰਾਲਾ ਇਨ੍ਹਾਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਲੋਕ ਹਿੱਤ ਵਿੱਚ ਜਲਦ ਲੋੜੀਂਦੇ ਕਦਮ ਚੁੱਕੇਗਾ।