- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਨਸ਼ਾ ਮੁਕਤੀ ਕੇਂਦਰ ਬ੍ਰਾਹਮਣਮਾਜਰਾ ਵਿਖੇ ਨਸ਼ਾ ਛੱਡਣ ਲਈ ਦਾਖ਼ਲ ਕੁਝ ਮਰੀਜ਼ਾਂ ਵੱਲੋਂ ਭੰਨਤੋੜ ਕਰਨ ਅਤੇ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨਾਲ ਬਦਸਲੂਕੀ ਕਰਨ ਦੇ ਮਾਮਲੇ ’ਚ ਪੁਲਿਸ ਨੇ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸਰਕਾਰੀ ਨਸ਼ਾ ਮੁਕਤੀ ਕੇਂਦਰ ਬ੍ਰਾਹਮਣਮਾਜਰਾ ਵਿਖੇ ਨਸ਼ਾ ਛੱਡਣ ਲਈ ਦਾਖ਼ਲ ਕੁਝ ਮਰੀਜ਼ਾਂ ਵੱਲੋਂ ਭੰਨਤੋੜ ਕਰਨ ਅਤੇ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨਾਲ ਬਦਸਲੂਕੀ ਕਰਨ ਦੇ ਮਾਮਲੇ ’ਚ ਪੁਲਿਸ ਨੇ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਡੀਐਸਪੀ ਕੁਲਬੀਰ ਸਿੰਘ ਨੇ ਦੱਸਿਆ ਕਿ ਕੇਂਦਰ ਦੀ ਗਾਰਦ ’ਚ ਤਾਇਨਾਤ ਹੌਲਦਾਰ ਅਮਰੀਕ ਸਿੰਘ ਅਨੁਸਾਰ ਬੀਤੀ ਸ਼ਾਮ ਖਾਣਾ ਖਾਣ ਸਮੇਂ ਕੁਝ ਮਰੀਜ਼ਾਂ ਨੇ ਸਿਹਤ ਵਿਭਾਗ ਦੇ ਸਟਾਫ ਨਾਲ ਬਦਸਲੂਕੀ ਕਰਦਿਆਂ ਬਰਤਨ ਸੁੱਟਣੇ ਸ਼ੁਰੂ ਕਰ ਦਿੱਤੇ। ਸਟਾਫ ਵੱਲੋਂ ਰੋਕਣ ’ਤੇ ਉਹ ਤੈਸ਼ ’ਚ ਆ ਗਏ ਅਤੇ ਹੋਰ ਮਰੀਜ਼ਾਂ ਨਾਲ ਮਿਲ ਕੇ ਟਾਇਲਾਂ, ਸ਼ੀਸ਼ੇ, ਗੇਟ ਅਤੇ ਕੈਮਰਿਆਂ ਦੀ ਭੰਨਤੋੜ ਕੀਤੀ। ਜਦੋਂ ਅਮਰੀਕ ਸਿੰਘ ਅਤੇ ਪੁਲਿਸ ਕਰਮਚਾਰੀ ਕੁਲਦੀਪ ਸਿੰਘ ਉਨ੍ਹਾਂ ਨੂੰ ਸ਼ਾਂਤ ਕਰਨ ਅੰਦਰ ਗਏ ਤਾਂ ਮਰੀਜ਼ਾਂ ਨੇ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਅਤੇ ਹੌਲਦਾਰ ਦੀ ਵਰਦੀ ਪਾੜ ਦਿੱਤੀ।
ਮੌਕੇ ’ਤੇ ਵਾਧੂ ਪੁਲਿਸ ਫੋਰਸ ਸੱਦ ਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਥਾਣਾ ਫਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਵਨਦੀਪ ਸਿੰਘ, ਕੇਵਲਪ੍ਰੀਤ ਸਿੰਘ, ਬਵਨਦੀਪ ਸਿੰਘ, ਬਲਜੀਤ ਸਿੰਘ, ਜਸਪ੍ਰੀਤ ਸਿੰਘ, ਜਗਦੀਪ ਸਿੰਘ, ਖਲੀਲ, ਕੋਮਲਜੀਤ ਸਿੰਘ, ਸੁਨੀਲ ਜੋਸ਼ੀ, ਕਬੀਰ, ਕੁਲਬੀਰ, ਵਰਿੰਦਰ ਸਿੰਘ ਅਤੇ ਦੀਪਕ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਸਾਰਿਆਂ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਹਨ।