- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਬੀਕੇਯੂ ਏਕਤਾ ਸਿੱਧੂਪੁਰ ਨੇ ਡੀਸੀ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਿਕ) ਦੇ ਬੈਨਰ ਹੇਠ ਕਿਸਾਨਾਂ ਦੀਆਂ ਭਖ਼ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਜ਼ਿਲ੍ਹਾ ਪ੍ਰਧਾਨ ਗੁਰਜਿੰਦਰ ਸਿੰਘ ਖੋਜੇਮਾਜਰਾ ਨੇ ਕਿਹਾ ਕਿ ਅਜੇ ਵੱਡੀ ਗਿਣਤੀ ਕਿਸਾਨਾਂ ਦਾ ਝੋਨਾ ਖੇਤਾਂ ’ਚ ਖੜ੍ਹਾ ਹੈ ਅਤੇ ਮੰਡੀਆਂ ’ਚ ਵੀ ਪਿਆ ਹੈ, ਪਰ ਸਰਕਾਰ ਵੱਲੋਂ ਖ਼ਰੀਦ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦਾ ਦਾਣਾ-ਦਾਣਾ ਐਮਐਸਪੀ ’ਤੇ ਚੁੱਕੇ ਜਾਣ ਤੱਕ ਸਰਕਾਰੀ ਖ਼ਰੀਦ ਜਾਰੀ ਰੱਖੀ ਜਾਵੇ। ਇਸ ਤੋਂ ਇਲਾਵਾ ਸਹਿਕਾਰੀ ਸਭਾਵਾਂ ’ਚ ਫ਼ਸਲੀ ਹੱਦ ਕਰਜ਼ੇ ਲਈ ਜ਼ਮੀਨ ਪਲੱਜ ਕਰਨ ਅਤੇ ਕਰਜ਼ਾ ਹੱਦ ਘਟਾਉਣ ਵਰਗੀਆਂ ਲਗਾਈਆਂ ਗਈਆਂ ਨਵੀਆਂ ਸ਼ਰਤਾਂ ਤੁਰੰਤ ਰੱਦ ਕਰ ਕੇ ਪੁਰਾਣੀ ਨੀਤੀ ਬਹਾਲ ਕੀਤੀ ਜਾਵੇ। ਜ਼ਿਲ੍ਹਾ ਮੀਤ ਪ੍ਰਧਾਨ ਉੱਤਮ ਸਿੰਘ ਬਰਵਾਲੀ ਨੇ ਸਹਿਕਾਰੀ ਸਭਾਵਾਂ ’ਚ ਖਾਦਾਂ ਨਾਲ ਕੀਤੀ ਜਾ ਰਹੀ ਜਬਰੀ ਟੈਗਿੰਗ ਬੰਦ ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਅਨੁਸਾਰ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਮੁਫ਼ਤ ਮਸ਼ੀਨਰੀ ਅਤੇ ਵਿੱਤੀ ਸਹਾਇਤਾ ਦੇਣ ਦੀ ਬਜਾਏ ਸਰਕਾਰ ਕਿਸਾਨਾਂ ਖ਼ਿਲਾਫ਼ ਪਰਚੇ ਦਰਜ ਕਰ ਕੇ ਰੈੱਡ ਐਂਟਰੀਆਂ ਅਤੇ ਜੁਰਮਾਨੇ ਕਰ ਰਹੀ ਹੈ, ਜਿਨ੍ਹਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਮੌਕੇ ਕਰਨੈਲ ਸਿੰਘ ਜਟਾਣਾ, ਪ੍ਰਕਾਸ਼ ਸਿੰਘ ਬੱਬਲ, ਬਲਦੇਵ ਸਿੰਘ ਮੁੱਲਾਂਪੁਰ, ਇਕਬਾਲ ਸਿੰਘ, ਬਲਪ੍ਰੀਤ ਸਿੰਘ, ਚਤਰ ਸਿੰਘ ਅਤੇ ਰਾਜਿੰਦਰ ਸਿੰਘ ਬੱਬੀ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।