- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾੜੀ ਬਿਜਲੀ ਸਪਲਾਈ ਅਤੇ ਭਾਰੀ ਬਿੱਲਾਂ ਖ਼ਿਲਾਫ਼ ਕਿਸਾਨਾਂ ਨੇ ਐਸਡੀਓ ਨੂੰ ਸੌਂਪਿਆ ਮੰਗ ਪੱਤਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋਂ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਕਰਨੈਲ ਸਿੰਘ ਜਟਾਣਾ ਦੀ ਅਗਵਾਈ ਹੇਠ ਕਿਸਾਨਾਂ ਨੇ ਖੇਤੀ ਤੇ ਘਰੇਲੂ ਖੇਤਰ ’ਚ ਬਿਜਲੀ ਦੀ ਮਾੜੀ ਸਪਲਾਈ ਤੋਂ ਦੁਖੀ ਹੋ ਕੇ ਪਾਵਰਕਾਮ ਦੇ ਐੱਸਡੀਓ ਨੂੰ ਮੰਗ ਪੱਤਰ ਸੌਂਪਿਆ। ਕਿਸਾਨਾਂ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਖੇਤੀ ਸੈਕਟਰ ਨੂੰ ਰੋਜ਼ਾਨਾ ਸਿਰਫ਼ 3 ਤੋਂ 4 ਘੰਟੇ ਹੀ ਬਿਜਲੀ ਦਿੱਤੀ ਜਾ ਰਹੀ ਹੈ। ਪਿੰਡ ਲਖਣਪੁਰ, ਮੰਡੇਰਾ, ਅਮਰਾਲਾ ਤੇ ਬਦੇਸ਼ਾ ਆਦਿ ਫੀਡਰਾਂ ’ਤੇ ਪਿਛਲੇ ਚਾਰ ਦਿਨਾਂ ਤੋਂ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਮੀਂਹ ਦੀ ਘਾਟ ਵਿਚਾਲੇ ਝੋਨੇ ਦੀ ਫ਼ਸਲ ਸੁੱਕਣ ਕੰਢੇ ਪੁੱਜ ਚੁੱਕੀ ਹੈ। ਇਸ ਤੋਂ ਇਲਾਵਾ ਘਰੇਲੂ ਖੇਤਰ ’ਚ ਰਾਤ ਵੇਲੇ ਲਗਾਏ ਜਾ ਰਹੇ ਅਣ-ਐਲਾਨੇ ਕੱਟਾਂ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਭਾਰੀ ਦਿੱਕਤਾਂ ਝੱਲਣੀਆਂ ਪੈ ਰਹੀਆਂ ਹਨ। ਕਿਸਾਨ ਆਗੂ ਉੱਤਮ ਸਿੰਘ ਬਰਵਾਲੀ, ਕਿਰਪਾਲ ਸਿੰਘ ਬਦੇਸ਼ਾਂ ਅਤੇ ਮੋਹਨ ਸਿੰਘ ਭੁੱਟਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ’ਚ ਤੁਰੰਤ ਸੁਧਾਰ ਨਾ ਕੀਤਾ ਗਿਆ ਤਾਂ ਉਹ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ’ਤੇ ਜਾਮ ਲਾਉਣ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਵਿਭਾਗ ਦੀ ਹੋਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਮੀਟਰ ਰੀਡਰਾਂ ਦੀ ਹੜਤਾਲ ਮਗਰੋਂ ਕਰੀਬ 112 ਦਿਨਾਂ ਬਾਅਦ ਰੀਡਿੰਗ ਲਈ ਗਈ ਅਤੇ ਦਫ਼ਤਰ ਬੈਠ ਕੇ ਮਨਮਰਜ਼ੀ ਦੇ ਅੰਦਾਜ਼ੇ ਨਾਲ ਯੂਨਿਟ ਪਾ ਦਿੱਤੇ ਗਏ। ਇਸ ਕਾਰਨ 300 ਯੂਨਿਟ ਤੋਂ ਵੱਧ ਖ਼ਪਤ ਦਿਖਾ ਕੇ ਹਰ ਘਰ ਨੂੰ 8 ਤੋਂ 9 ਹਜ਼ਾਰ ਰੁਪਏ ਤੱਕ ਦੇ ਭਾਰੀ ਬਿੱਲ ਭੇਜੇ ਗਏ ਹਨ। ਸਰਕਾਰ ਦੇ ਮੁਫ਼ਤ ਬਿਜਲੀ ਦੇ ਦਾਅਵੇ ਹਵਾ ਸਾਬਤ ਹੋ ਰਹੇ ਹਨ ਅਤੇ ਇਕ-ਇਕ ਪੱਖੇ ਵਾਲੇ ਗ਼ਰੀਬ ਖ਼ਪਤਕਾਰ ਵੀ ਬਿਜਲੀ ਦਫ਼ਤਰਾਂ ਦੇ ਗੇੜੇ ਕੱਢਣ ਲਈ ਮਜਬੂਰ ਹਨ। ਇਸ ਮੌਕੇ ਭਰਭੂਰ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ ਬਾਠਾਂ, ਗੁਰਮੁੱਖ ਸਿੰਘ, ਬਲਵੀਰ ਸਿੰਘ ਜਟਾਣਾ ਉੱਚਾ, ਬਲਵੀਰ ਸਿੰਘ ਕਲੇਰ, ਹਰਬੰਸ ਸਿੰਘ, ਬਲਜਿੰਦਰ ਸਿੰਘ ਚੰਡੀਗੜ੍ਹ, ਲਖਬੀਰ ਸਿੰਘ, ਲਛਮਣ ਸਿੰਘ, ਗੁਰਮੇਲ ਸਿੰਘ, ਸੁਰਿੰਦਰ ਸਿੰਘ ਬਦੇਸ਼ਾਂ, ਬਲਦੇਵ ਸਿੰਘ, ਧੰਨਾ ਸਿੰਘ ਲਖਨਪੁਰ, ਨਾਹਰ ਸਿੰਘ ਰਾਣਵਾਂ, ਜਸਵੀਰ ਸਿੰਘ ਮਨੈਲੀ, ਮਨਜੀਤ ਸਿੰਘ ਗਰਚਾ, ਜਸਵੀਰ ਸਿੰਘ ਬਾਠ, ਦਲਵੀਰ ਸਿੰਘ ਬੁਰਜ, ਦਰਸ਼ਨ ਸਿੰਘ ਰਾਣਵਾਂ ਅਤੇ ਸੁਰਜੀਤ ਸਿੰਘ ਮਨਸੂਰਪੁਰ ਸਮੇਤ ਵੱਡੀ ਗਿਣਤੀ ਕਿਸਾਨ ਮੌਜੂਦ ਸਨ।