ਕਿਸਾਨਾਂ ਨੇ ਝੋਨੇ ਦੀ ਨਿਰਵਿਘਨ ਖ਼ਰੀਦ ਤੇ ਡੀਏਪੀ ਖਾਦ ਦੇ ਪ੍ਰਬੰਧ ਲਈ ਸੌਂਪਿਆ ਮੰਗ ਪੱਤਰ ਕਿਸਾਨਾਂ ਨੇ ਝੋਨੇ ਦੀ ਨਿਰਵਿਘਨ ਖ਼ਰੀਦ ਅਤੇ ਡੀਏਪੀ ਖਾਦ ਦੇ ਪ੍ਰਬੰਧ ਲਈ ਸੌਂਪਿਆ ਮੰਗ ਪੱਤਰ
Publish Date: Thu, 08 Oct 2026 04:48 PM (IST)
Updated Date: Thu, 08 Oct 2026 04:50 PM (IST)
ਕਿਹਾ, ਮੰਡੀਆਂ ’ਚ ਪੁੱਜੇ ਝੋਨੇ ਦੀ ਰੋਜ਼ਾਨਾ ਖ਼ਰੀਦ ਯਕੀਨੀ ਬਣਾਈ ਜਾਵੇ ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ ਇਕਾਈ ਵੱਲੋਂ ਸੂਬਾ ਵਿੱਤ ਸਕੱਤਰ ਸਰਬਜੀਤ ਸਿੰਘ ਅਮਰਾਲਾ ਦੀ ਅਗਵਾਈ ਹੇਠ ਸਹਾਇਕ ਕਮਿਸ਼ਨਰ ਜਨਰਲ ਸੂਬਾ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਸਰਬਜੀਤ ਸਿੰਘ ਅਮਰਾਲਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਾਨੂੰਪੁਰ ਨੇ ਦੱਸਿਆ ਕਿ ਸਰਕਾਰ ਵੱਲੋਂ ਭਾਵੇਂ ਇਕ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ, ਪਰ ਮੰਡੀਆਂ ਅਤੇ ਪੇਂਡੂ ਖ਼ਰੀਦ ਕੇਂਦਰਾਂ ’ਚ ਇਸ ਖ਼ਰੀਦ ਨੂੰ ਅਮਲੀ ਰੂਪ ’ਚ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਖੱਜਲ-ਖ਼ੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਮੰਡੀਆਂ ’ਚ ਪੁੱਜੀ ਝੋਨੇ ਦੀ ਹਰ ਢੇਰੀ ਦੀ ਰੋਜ਼ਾਨਾ ਖ਼ਰੀਦ ਯਕੀਨੀ ਬਣਾਈ ਜਾਵੇ ਅਤੇ ਖ਼ਰੀਦ ਏਜੰਸੀਆਂ ਵੱਲੋਂ ਬਿਨਾਂ ਵਜ੍ਹਾ ਫ਼ਸਲ ਰੱਦ ਕਰਕੇ ਕਿਸਾਨਾਂ ਦੀ ਲੁੱਟ ਨਾ ਹੋਣ ਦਿੱਤੀ ਜਾਵੇ। ਇਸ ਤੋਂ ਇਲਾਵਾ ਖ਼ਰੀਦੇ ਗਏ ਝੋਨੇ ਦੀਆਂ ਬੋਰੀਆਂ ਦੀ ਲਿਫ਼ਟਿੰਗ ਤੁਰੰਤ ਸ਼ੁਰੂ ਕਰਵਾਈ ਜਾਵੇ ਤਾਂ ਜੋ ਫੜ੍ਹਾਂ ’ਚ ਨਵੀਂ ਫ਼ਸਲ ਉਤਾਰਨ ਲਈ ਥਾਂ ਬਣੀ ਰਹੇ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਪ੍ਰਵਾਨਿਤ ਹਾਈਬ੍ਰਿਡ ਬੀਜਾਂ ਵਾਲੇ ਝੋਨੇ ਨੂੰ ਖ਼ਰੀਦਣ ਤੋਂ ਸ਼ੈੱਲਰ ਮਾਲਕਾਂ ਵੱਲੋਂ ਆਨਾਕਾਨੀ ਕੀਤੀ ਜਾ ਰਹੀ ਹੈ, ਜੋ ਕਿਸਾਨਾਂ ਨਾਲ ਸਰਾਸਰ ਬੇਇਨਸਾਫ਼ੀ ਹੈ, ਇਸ ਲਈ ਇਸ ਕਿਸਮ ਦੀ ਖ਼ਰੀਦ ਵੀ ਨਿਰਵਿਘਨ ਹੋਣੀ ਚਾਹੀਦੀ ਹੈ। ਆਗੂਆਂ ਨੇ ਸਰਕਾਰ ਪਾਸੋਂ ਆਗਾਮੀ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਡੀਏਪੀ ਖਾਦ ਦੇ ਬਫ਼ਰ ਸਟਾਕ ਦਾ ਪੁਖ਼ਤਾ ਪ੍ਰਬੰਧ ਕਰਨ ਅਤੇ ਸਹਿਕਾਰੀ ਸਭਾਵਾਂ ਰਾਹੀਂ ਇਸ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੀ ਵੀ ਪੁਰਜ਼ੋਰ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਜੀਤ ਸਿੰਘ ਬਾਠ, ਬਲਾਕ ਪ੍ਰਧਾਨ ਜਗਤਾਰ ਸਿੰਘ ਮਹੇਸ਼ਪੁਰਾ, ਬਲਾਕ ਮੀਤ ਪ੍ਰਧਾਨ ਹਰਚੰਦ ਸਿੰਘ ਅਮਰਾਲਾ, ਅਜੀਤਪਾਲ ਸਿੰਘ ਮਹੇਸ਼ਪੁਰਾ, ਸੋਹਣ ਸਿੰਘ ਮਹੇਸ਼ਪੁਰਾ, ਨਰਿੰਦਰ ਸਿੰਘ ਸੰਘੋਲ, ਕਰਮਜੀਤ ਸਿੰਘ ਗੰਡੂਆਂ ਅਤੇ ਹਰਮਿੰਦਰ ਸਿੰਘ ਭੱਟਮਾਜਰਾ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।