- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਣਕ-ਝੋਨੇ ਦੇ ਚੱਕਰ ’ਚੋਂ ਨਿਕਲ ਕੇ ਆਧੁਨਿਕ ਬਾਗ਼ਬਾਨੀ ਅਪਣਾਉਣ ਕਿਸਾਨ : ਡਾ. ਕੂਕਲ

ਗਰਗ, ਪੰਜਾਬੀ ਜਾਗਰਣ, ਅਮਲੋਹ : ਪੰਜਾਬ ਦੇ ਕਿਸਾਨਾਂ ਲਈ ਹੁਣ ਸਮਾਂ ਆ ਗਿਆ ਹੈ ਕਿ ਉਹ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਤੋਂ ਬਾਹਰ ਨਿਕਲ ਕੇ ਆਧੁਨਿਕ ਤਕਨੀਕਾਂ ਨਾਲ ਬਾਗ਼ਬਾਨੀ ਅਪਣਾਉਣ, ਜਿਸ ਨਾਲ ਆਮਦਨ ’ਚ ਵਾਧਾ ਹੋਣ ਦੇ ਨਾਲ-ਨਾਲ ਪਾਣੀ ਦੀ ਬੱਚਤ, ਮਿੱਟੀ ਦੀ ਸੰਭਾਲ ਅਤੇ ਪ੍ਰਦੂਸ਼ਣ ਘਟਾਉਣ ’ਚ ਮਦਦ ਮਿਲ ਸਕੇਗੀ। ਇਹ ਵਿਚਾਰ ਭੂਮੀ ਵਿਗਿਆਨੀ ਡਾ. ਸੁਰਿੰਦਰ ਸਿੰਘ ਕੂਕਲ ਨੇ ਨੇੜਲੇ ਪਿੰਡ ਬਿਰੜਵਾਲ ਵਿਖੇ ਕਿਸਾਨ ਕਮਲਜੀਤ ਸਿੰਘ ਤੇ ਮਨਦੀਪ ਸਿੰਘ ਦੇ ਫ਼ਾਰਮ ’ਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮੈਗਸਿਪਾ) ਵੱਲੋਂ ਕਰਵਾਈ ਇਕ ਰੋਜ਼ਾ ਵਰਕਸ਼ਾਪ ਦੌਰਾਨ ਪ੍ਰਗਟ ਕੀਤੇ। ਇਸ ਵਰਕਸ਼ਾਪ ’ਚ ਬਾਗ਼ਬਾਨੀ ਵਿਭਾਗ, ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੇਵੀਕੇ ਸੈਂਟਰਾਂ ਦੇ ਵਿਗਿਆਨੀਆਂ ਅਤੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਬਾਗ਼ਬਾਨੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਹਰਮੇਲ ਸਿੰਘ ਨੇ ਦੱਸਿਆ ਕਿ ਵਰਕਸ਼ਾਪ ਦਾ ਮੁੱਖ ਮਕਸਦ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਹਾਈ ਡੈਂਸਿਟੀ ਪਲਾਂਟਿੰਗ, ਡ੍ਰਿਪ ਸਿੰਚਾਈ, ਪੌਦਿਆਂ ਦੀ ਵਿਗਿਆਨਕ ਸਿਖਲਾਈ ਅਤੇ ਖ਼ੁਰਾਕੀ ਤੱਤਾਂ ਦੀ ਸਾਂਭ-ਸੰਭਾਲ ਵਰਗੀਆਂ ਆਧੁਨਿਕ ਤਕਨੀਕਾਂ ਤੋਂ ਜਾਣੂ ਕਰਵਾਉਣਾ ਹੈ। ਉਨ੍ਹਾਂ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਬਾਗ਼ਬਾਨ ਕਮਲਜੀਤ ਸਿੰਘ ਨੇ ਕਿਹਾ ਕਿ ਸੰਘਣੇ ਬਾਗ਼ਾਂ ’ਚ ਧੁੱਪ, ਹਵਾ, ਮਿੱਟੀ ਅਤੇ ਪਾਣੀ ਦਾ ਸੰਤੁਲਨ ਅਹਿਮ ਹੁੰਦਾ ਹੈ। ਫ਼ਲ ਦੀ ਗੁਣਵੱਤਾ, ਮਿਠਾਸ, ਆਕਾਰ, ਸ਼ੈਲਫ਼ ਲਾਈਫ਼ ਅਤੇ ਫ਼ਲ ਮੱਖੀ ਦੇ ਹਮਲੇ ਨੂੰ ਧਿਆਨ ’ਚ ਰੱਖ ਕੇ ਕਿਸਮਾਂ ਦੀ ਚੋਣ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਡ੍ਰਿਪ ਸਿੰਚਾਈ ਨੂੰ ਪਾਣੀ ਦੀ ਬੱਚਤ ਲਈ ਜ਼ਰੂਰੀ ਦੱਸਦਿਆਂ ਜ਼ਮੀਨ ਦੀ ਲੋੜ ਮੁਤਾਬਕ ਪਾਣੀ ਤੇ ਖ਼ਾਦਾਂ ਵਰਤਣ ਦੀ ਸਲਾਹ ਦਿੱਤੀ। ਕਿਸਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੈਦਾਵਾਰ ਦੇ ਨਾਲ-ਨਾਲ ਪੈਕਿੰਗ, ਗੁਣਵੱਤਾ ਅਤੇ ਬ੍ਰਾਂਡਿੰਗ ’ਤੇ ਧਿਆਨ ਦਿੱਤੇ ਬਿਨਾਂ ਸਹੀ ਮੰਡੀਕਰਨ ਸੰਭਵ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਤਕਨੀਕਾਂ ਪੰਜਾਬ ਦੇ ਮੌਸਮ ਅਨੁਸਾਰ ਢਾਲ ਕੇ ਅਪਣਾਉਣ ਦੀ ਅਪੀਲ ਕੀਤੀ। ਵਿਗਿਆਨੀਆਂ ਨੇ ਜ਼ੋਰ ਦਿੱਤਾ ਕਿ ਜ਼ਮੀਨ ਬਚਾਉਣ ਅਤੇ ਆਮਦਨ ਵਧਾਉਣ ਲਈ ਆਧੁਨਿਕ ਬਾਗ਼ਬਾਨੀ ਹੀ ਬਿਹਤਰੀਨ ਵਿਕਲਪ ਹੈ।