ਔਰਤ ਦੀ ਮੌਤ ਤੋਂ ਬਾਅਦ ਪੇਕੇ ਪਰਿਵਾਰ ਵੱਲੋਂ ਥਾਣੇ ਦਾ ਘਿਰਾਓ
ਔਰਤ ਦੀ ਮੌਤ ਤੋਂ ਬਾਅਦ ਪੇਕੇ ਪਰਿਵਾਰ ਵੱਲੋਂ ਥਾਣੇ ਦਾ ਘਿਰਾਓ
Publish Date: Sat, 04 Apr 2026 06:05 PM (IST)
Updated Date: Sat, 04 Apr 2026 06:07 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਬੀਤੇ ਦਿਨੀਂ 2 ਅਪ੍ਰੈਲ ਨੂੰ ਪਿੰਡ ਭੱਦਲਥੂਹਾ ਦੀ ਇਕ ਔਰਤ ਰੁਪਿੰਦਰ ਕੌਰ ਦੀ ਭੇਦ ਭਰੀ ਹਾਲਤ ’ਚ ਮੌਤ ਹੋ ਗਈ ਸੀ। ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੇ ਆਤਮ ਹੱਤਿਆ ਕੀਤੀ ਹੈ ਜਦੋਂ ਕਿ ਪੇਕੇ ਪਰਿਵਾਰ ਦਾ ਦੋਸ਼ ਸੀ ਕਿ ਉਸ ਨੂੰ ਮਾਰਿਆ ਗਿਆ ਹੈ। ਪੁਲਿਸ ਵੱਲੋਂ ਲੜਕੀ ਦੇ ਭਰਾ ਕਰਮ ਸਿੰਘ ਦੇ ਬਿਆਨ ’ਤੇ ਮ੍ਰਿਤਕਾ ਦੇ ਪਤੀ ਪਵਿੱਤਰ ਸਿੰਘ, ਸਹੁਰਾ ਮੇਹਰ ਸਿੰਘ, ਜੇਠ ਰਾਮਪਾਲ ਅਤੇ ਜਠਾਣੀ ਸੀਮਾ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ। ਪੁਲਿਸ ਨੇ ਪਵਿੱਤਰ ਸਿੰਘ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਪਰ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਜੇ ਤੱਕ ਉਸ ਦਾ ਪੋਸਟਮਾਰਟਮ ਨਹੀਂ ਕਰਵਾਇਆ ਗਿਆ। ਰੁਪਿੰਦਰ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਥਾਣਾ ਅਮਲੋਹ ਦਾ ਘਿਰਾਓ ਕੀਤਾ ਅਤੇ ਪੁਲਿਸ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਰੁਪਿੰਦਰ ਦੇ ਭਰਾ ਕਰਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੇਵਲ ਰੁਪਿੰਦਰ ਦੇ ਪਤੀ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ ਪਰ ਬਾਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਡੀਐੱਸਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਉਸੇ ਦਿਨ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ ਅਤੇ ਮ੍ਰਿਤਕਾ ਦੇ ਪਤੀ ਪਵਿੱਤਰ ਸਿੰਘ ਨੂੰ ਵੀ ਗ੍ਰਿਫ਼ਤਾਰ ਵੀ ਕਰ ਲਿਆ ਸੀ। ਬਾਕੀ ਮੁਲਜ਼ਮਾਂ ਨੂੰ ਫੜਨ ਲਈ ਉਨ੍ਹਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀਐੱਸਪੀ ਦੇ ਭਰੋਸੇ ਤੋਂ ਬਾਅਦ ਮ੍ਰਿਤਕਾ ਦਾ ਪੋਸਟਮਾਰਟਮ ਦਾ ਬੋਰਡ ਵੱਲੋਂ ਕੀਤਾ ਗਿਆ।