- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਖੇ ਸਿੱਖ ਅਧਿਐਨ ਸਬੰਧੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸੰਪੰਨ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵੱਲੋਂ ਸਿੱਖ ਅਧਿਐਨ ਤੇ ਖੋਜ ਸਬੰਧੀ ਕਰਵਾਇਆ ਗਿਆ ਹਫ਼ਤਾਵਾਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸੰਪੰਨ ਹੋ ਗਿਆ। ਇਸ ਪ੍ਰੋਗਰਾਮ ’ਚ ਵੱਖ-ਵੱਖ ਵਿਭਾਗਾਂ ਦੇ ਕਰੀਬ 50 ਅਧਿਆਪਕਾਂ ਨੇ ਹਿੱਸਾ ਲਿਆ। ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਮਕਸਦ ਅਧਿਆਪਨ ਅਮਲੇ ਦੀ ਗੁਰਬਾਣੀ, ਗੁਰਮਤਿ ਸਿਧਾਂਤ ਅਤੇ ਸਿੱਖ ਪਰੰਪਰਾ ਸਬੰਧੀ ਖੋਜ ਸਮਰੱਥਾ ਨੂੰ ਨਿਖਾਰਨਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕਾਨਫਰੰਸਾਂ, ਸੈਮੀਨਾਰਾਂ, ਖੋਜ ਪੱਤਰਕਾਵਾਂ ਤੇ ਕਿਤਾਬਾਂ ਦੇ ਪ੍ਰਕਾਸ਼ਨ ਰਾਹੀਂ ਖੋਜ ਭਰਪੂਰ ਮਾਹੌਲ ਸਿਰਜਿਆ ਜਾ ਰਿਹਾ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਕਿਹਾ ਕਿ ਗੁਰਬਾਣੀ ਅਤੇ ਗੁਰਮਤਿ ਸਿਧਾਂਤ ਦਾ ਅਧਿਐਨ ਸ਼ਖ਼ਸੀਅਤ ਦੇ ਵਿਕਾਸ ਅਤੇ ਨਵੀਂ ਪੀੜ੍ਹੀ ਨੂੰ ਉਸਾਰੂ ਸੇਧ ਦੇਣ ਲਈ ਬੇਹੱਦ ਜ਼ਰੂਰੀ ਹੈ। ਵਿਦਾਇਗੀ ਸੈਸ਼ਨ ਦੇ ਮੁੱਖ ਮਹਿਮਾਨ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਕੰਦਰ ਸਿੰਘ ਨੇ ਗੁਰਬਾਣੀ ਦੇ ਅਨੁਵਾਦ ਨਾਲ ਜੁੜੀਆਂ ਚੁਣੌਤੀਆਂ ਤੇ ਭਾਸ਼ਾਈ, ਸੱਭਿਆਚਾਰਕ ਤੇ ਅਰਥਗਤ ਪੱਖਾਂ ਬਾਰੇ ਵਿਚਾਰ ਸਾਂਝੇ ਕੀਤੇ। ਫੈਕਲਟੀ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸਟਡੀਜ਼ ਦੇ ਡੀਨ ਕਮ ਕਨਵੀਨਰ ਡਾ. ਹਰਦੇਵ ਸਿੰਘ ਤੇ ਕੋਆਰਡੀਨੇਟਰ ਡਾ. ਕਿਰਨਦੀਪ ਕੌਰ ਨੇ ਦੱਸਿਆ ਕਿ ਫੈਕਲਟੀ ਮੈਂਬਰਾਂ ਦੀ ਵੱਧ ਰਹੀ ਰੁਚੀ ਨੂੰ ਦੇਖਦਿਆਂ ਵੱਖ-ਵੱਖ ਵਿਦਵਾਨਾਂ ਰਾਹੀਂ ਸਿੱਖ ਅਧਿਐਨ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਕਿਰਨਦੀਪ ਕੌਰ, ਡਾ. ਹਰਨੀਤ ਕੌਰ ਅਤੇ ਡਾ. ਪਲਵਿੰਦਰ ਕੌਰ ਨੇ ਵਿਸ਼ੇਸ਼ ਸੈਸ਼ਨ ਕਰਵਾਏ, ਜਿਸ ਦੌਰਾਨ ਡਾ. ਪਲਵਿੰਦਰ ਕੌਰ ਨੇ ਮੂਲ ਸਰੋਤ ਗ੍ਰੰਥਾਂ, ਕਿਤਾਬਾਂ ਅਤੇ ਵਿਸ਼ਵਕੋਸ਼ਾਂ ਦੀ ਵਰਤੋਂ ਦਾ ਅਭਿਆਸ ਕਰਵਾਇਆ। ਇਸ ਮੌਕੇ ਡਾ. ਅੰਕਦੀਪ ਕੌਰ ਅਟਵਾਲ, ਡਾ. ਸਰਪ੍ਰੀਤ ਸਿੰਘ, ਡਾ. ਰਿਚਾ ਬਰਾੜ, ਡਾ. ਵਰਿੰਦਰ ਸਿੰਘ ਭੁੱਲਰ, ਡਾ. ਨਵ ਸ਼ਗਨ ਦੀਪ ਕੌਰ, ਡਾ. ਰਮਨਦੀਪ ਕੌਰ, ਡਾ. ਚਰਨ ਕਮਲ ਸੇਖੋਂ ਅਤੇ ਲੋਕ ਸੰਪਰਕ ਅਫ਼ਸਰ ਜਸਪ੍ਰੀਤ ਕੌਰ ਸਮੇਤ ਕਈ ਫੈਕਲਟੀ ਮੈਂਬਰ ਮੌਜੂਦ ਸਨ।