- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਮੀਤ ਪ੍ਰਧਾਨ ਦੀ ਚੋਣ ਮੁਲਤਵੀ

ਗਰਗ, ਪੰਜਾਬੀ ਜਾਗਰਣ, ਅਮਲੋਹ : ਪੰਜਾਬ ਦੀ ਸਭ ਤੋਂ ਅਮੀਰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿਖੇ ਅੱਜ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਹੋਣੀ ਸੀ। ਚੋਣ ਸਬੰਧੀ ਐੱਸਡੀਐੱਮ ਵੱਲੋਂ ਸਾਰੇ ਕੌਂਸਲਰਾਂ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਸੀ ਪਰ ਐਨ ਮੌਕੇ ’ਚ ਅੱਜ ਅਦਾਲਤ ਵੱਲੋਂ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਤੇ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨਗੀ ਦੇ ਹੀ ਦਾਅਵੇਦਾਰ ਇਕ ਕੌਂਸਲਰ ਦਿਲਰਾਜ ਸੋਫਤ ਵੱਲੋਂ ਅਦਾਲਤ ਵਿਚ ਪਟੀਸ਼ਨ ਪਾਈ ਸੀ ਕਿ ਪ੍ਰਧਾਨਗੀ ਤੇ ਮੀਤ ਪ੍ਰਧਾਨਗੀ ਦੀ ਚੋਣ ਦਾ ਨੋਟਿਸ 72 ਘੰਟੇ ਪਹਿਲਾਂ ਦੇਣਾ ਹੁੰਦਾ ਹੈ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇਹ ਨੋਟਿਸ 24 ਘੰਟੇ ਪਹਿਲਾਂ ਦਿੱਤਾ ਗਿਆ ਸੀ। ਜਿਸ ’ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਇਹ ਚੋਣ ਰੱਦ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਇਹ ਚੋਣ 26 ਜੂਨ ਨੂੰ ਹੋਵੇਗੀ। ਇਸ ਚੋਣ ਨੂੰ ਕਰਵਾਉਣ ਲਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਸ਼ੇਸ਼ ਤੌਰ ’ਤੇ ਗੋਬਿੰਦਗੜ੍ਹ ਪਹੁੰਚੇ ਸਨ। ਬੇਸ਼ਕ ਉਹ ਨਗਰ ਕੌਂਸਲ ਦੇ ਦਫ਼ਤਰ ਨਹੀਂ ਪਹੁੰਚੇ ਪਰ ਜਦੋਂ ਉਨ੍ਹਾਂ ਨੂੰ ਪਤਾ ਚੱਲਾ ਕਿ ਚੋਣ ਰੱਦ ਹੋ ਗਈ ਤਾਂ ਵਾਪਸ ਚਲੇ ਗਏ। ਐੱਸਡੀਐੱਮ ਅਮਲੋਹ ਹਰਵੀਰ ਕੌਰ ਬਰਾੜ, ਕਾਰਜ ਸਾਧਕ ਅਫ਼ਸਰ, ਤਹਿਸੀਲਦਾਰ ਤੇ ਹੋਰ ਸਰਕਾਰੀ ਅਮਲਾ ਵੀ ਚੋਣ ਕਰਵਾਉਣ ਲਈ ਨਗਰ ਕੌਂਸਲ ਦੇ ਦਫਤਰ ਵਿਖੇ ਪਹੁੰਚ ਗਏ ਸਨ। ਸ਼ਹਿਰ ਨਿਵਾਸੀਆਂ ਵਿਚ ਵੀ ਇਹ ਚਰਚਾ ਸੀ ਕਿ ਇਕ ਅੱਧੇ ਘੰਟੇ ਵਿਚ ਪ੍ਰਧਾਨ ਅਤੇ ਮੀਤ ਪ੍ਰਧਾਨ ਦਾ ਨਾਮ ਅਨਾਉਂਸ ਹੋ ਜਾਵੇਗਾ ਪਰ ਚੋਣ ਰੱਦ ਹੋ ਜਾਣ ਕਾਰਨ ਕੌਂਸਲਰਾਂ ਦੇ ਨਾਲ ਨਾਲ ਸ਼ਹਿਰ ਨਿਵਾਸੀਆਂ ਨੂੰ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦੇ ਕੋਈ ਵੀ ਕੌਂਸਲਰ ਨਗਰ ਕੌਂਸਲ ਦੇ ਦਫਤਰ ਵਿਚ ਨਹੀਂ ਪਹੁੰਚਿਆ ਪਰ ਕਾਂਗਰਸ ਪਾਰਟੀ, ਅਕਾਲੀ ਦਲ ਤੇ ਭਾਜਪਾ ਨਾਲ ਸਬੰਧ ਰੱਖਦੇ ਕੌਂਸਲਰ ਨਗਰ ਕੌਂਸਲ ਦਫਤਰ ਪਹੁੰਚੇ ਸਨ। ਜਦੋਂ ਇਸ ਸਬੰਧੀ ਐੱਸਡੀਐੱਮ ਹਰਵੀਰ ਕੌਰ ਬਰਾੜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਹੀ ਇਸ ਚੋਣ ਤੇ ਰੋਕ ਲਗਾਈ ਗਈ ਹੈ ਹੁਣ ਇਹ ਚੋਣ 26 ਜੂਨ ਨੂੰ ਹੋਵੇਗੀ। ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਦੇ ਰੱਦ ਹੋ ਜਾਣਾ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।