
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਿੱਖਿਆ ਮੰਤਰੀ ਨੇ ਪਿੰਡ ਜੱਲਾ ਦੇ ਸਰਕਾਰੀ ਸਕੂਲ ਦਾ ਕੀਤਾ ਅਚਨਚੇਤ ਨਿਰੀਖਣ

ਗੁਰਪ੍ਰੀਤ ਸਿੰਘ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਜੱਲਾ ਦੇ ਸਰਕਾਰੀ ਹਾਈਸਕੂਲ ਦੇ ਬਾਸ਼ਰੂਮਾਂ ਦੀ ਖਸਤਾ ਹਾਲਤ ਦੀ ਇਕ ਵੀਡੀਓ ਚਾਰ ਸਾਲ ਪਹਿਲਾਂ ਵਾਇਰਲ ਹੋਈ ਸੀ, ਪਰ ਜਦੋ ਇਹ ਵੀਡੀਓ ਮੁੜ ਵਾਇਰਲ ਹੋਈ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ਵਿਚ ਆਈ ਤਾਂ ਉਹ ਸਾਰੀ ਸਥਿਤੀ ਦੀ ਖੁਦ ਜਾਇਜ਼ਾ ਲੈਣ ਲਈ ਸਕੂਲ ਪੁੱਜੇ। ਜਾਣਕਾਰੀ ਅਨੁਸਾਰ ਬੈਂਸ ਦੁਪਹਿਰ ਦੋ ਵੱਜ ਕੇ ਦੱਸ ਮਿੰਟ ਦੇ ਸਕੂਲ ਪੁੱਜੇ ਅਤੇ ਸਟਾਫ ਨਾਲ ਗੱਲਬਾਤ ਕੀਤੀ। ਉਹ 15 ਮਿੰਟ ਕੇ ਕਰੀਬ ਸਕੂਲ ਵਿਚ ਰਹੇ ਅਤੇ ਉਨ੍ਹਾਂ ਸਕੂਲ ਦੇ ਪੁਰਾਣੇ ਬਾਸ਼ਰੂਮਾਂ ਦੀ ਹਾਲਤ ਅਤੇ ਨਵੇਂ ਬਣੇ ਬਾਸ਼ਰੂਮ ਦੇਖੇ। ਭਾਵੇਂ ਸਕੂਲ ਵਿਚ ਅਜੇ ਛੁੱਟੀ ਹੋਈ ਸੀ, ਪ੍ਰੰਤੂ ਜਦੋ ਮੰਤਰੀ ਆਏ ਤਾਂ ਸਕੂਲ ਦੇ ਵਿਦਿਆਰਥੀ ਅਤੇ ਸਟਾਫ ਅਜੇ ਸਕੂਲ ਵਿਚ ਹੀ ਸੀ। ਉਨ੍ਹਾਂ ਸਕੂਲ ਦੇ ਕੈਂਪਸ ’ਚ ਚੱਲ ਰਹੇ ਵਿਕਾਸ ਕਾਰਜਾਂ ਸਮੇਤ ਬੁਨਿਆਦੀ ਢਾਂਚੇ ਦੇ ਨਿਰਮਾਣ ਦਾ ਨਾਲ ਜਾਇਜ਼ਾ ਲਿਆ। ਨਿਰੀਖਣ ਦੌਰਾਨ ਸਿੱਖਿਆ ਮੰਤਰੀ ਨੇ ਜਮਾਤਾਂ, ਲੈਬਾਂ ਅਤੇ ਖੇਡ ਮੈਦਾਨ ਸਮੇਤ ਹੋਰ ਸਹੂਲਤਾਂ ਦਾ ਮੁਆਇਨਾ ਕੀਤਾ। ਉਨ੍ਹਾਂ ਅਧਿਆਪਕਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਅਧਿਆਪਨ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਭਰੋਸਾ ਦਿਵਾਇਆ ਕਿ ਸਕੂਲ ਦੇ ਸਰਬਪੱਖੀ ਵਿਕਾਸ ਲਈ ਆਉਣ ਵਾਲੇ ਸਮੇਂ ’ਚ ਹੋਰ ਗ੍ਰਾਂਟਾਂ ਜਾਰੀ ਕੀਤੀਆਂ ਜਾਣਗੀਆਂ। ਆਪਣੀ ਫੇਰੀ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਸਕੂਲ ਸਬੰਧੀ ਵੀਡੀਓ ਪੁਰਾਣੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਖੁਦ ਬਿਨ੍ਹਾਂ ਕਿਸੇ ਨੂੰ ਦੱਸੇ ਸਕੂਲ ਵਿਚ ਗਏ ਤੇ ਅਸਲ ਸਥਿਤੀ ਦੇਖੀ। ਉਨ੍ਹਾਂ ਆਪਣੇ ਦੌਰੇ ਦੌਰਾਨ ਪਾਇਆ ਕਿ ਉਸ ਸਮੇਂ ਸਕੂਲ ਵਿਚ 100 ਵਿਦਿਆਰਥੀ ਅਤੇ 9 ਅਧਿਆਪਕ ਮੌਜੂਦ ਸਨ। ਸਕੂਲ ਦੇ ਬਾਥਰੂਮ ਸਾਫ ਸਨ। ਸਕੂਲ ਵਿਚ ਪਾਣੀ ਦੇ ਪ੍ਰਬੰਧ ਸਹੀ ਸਨ। ਲੜਕੀਆਂ ਦੇ ਪਖਾਣੇ ’ਚ ਸੈਨੇਟਰੀ ਪੈਡ ਡਿਸਪੋਜਲ ਮਸ਼ੀਨ ਠੀਕ ਚੱਲ ਰਹੀ ਸੀ। ਸਕੂਲ ਦੀ ਚਾਰ ਦਿਵਾਰੀ ਦਾ ਕੰਮ ਪੂਰਾ ਹੋ ਚੁੱਕਾ ਹੈ। ਪਿਛਲੇ ਚਾਰ ਸਾਲਾਂ ਵਿਚ ਸਕੂਲ ਦੇ ਰਿਪੇਅਰ ਸਬੰਧੀ ਕੰਮਾਂ ਅਤੇ 15 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਤਿੰਨ ਸਮਾਟਰ ਪੈਨਲ, ਤਿੰਨ ਪੋਜੈਕਟਰ, ਇਕ ਕੰਪਿਊੂਟਰ ਲੈਬ, ਇਕ ਸਾਇੰਸ ਲੈਬ, ਵਾਈਫਾਈ, ਪੀਣ ਵਾਲੇ ਪਾਣੀ ਦੇ ਪੂਰੇ ਪ੍ਰਬੰਧ ਸਨ। ਸਕੁਲ ਵਿਚ ਰੰਗ ਦਾ ਕੰਮ ਪੈਂਡਿੰਗ ਹੈ, ਜਿਸ ਵਿਚ ਗਰਾਂਟ ਮਨਜੂਰ ਕਰ ਦਿੱਤੀ ਗਈ ਹੈ ਅਤੇ ਮੌਨਸੂਨ ਤੋ ਬਾਅਦ ਕੰਮ ਸ਼ੁਰੂ ਹੋ ਜਾਵੇਗਾ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਦੌਰੇ ਦੌਰਾਨ ਇਕ ਗੱਲ ਸਾਮਹਣੇ ਆਈ ਕਿ ਸਕੂਲ ਪਿੱਛੇ ਸਥਿਤ ਮੈਦਾਨ ਦੀ ਹਾਲਤ ਵਿਚ ਸੁਧਾਰ ਦੀ ਲੋੜ ਹੈ, ਜਿਸ ਬਾਰੇ ਪੰਚਾਇਤ ਨਾਲ ਗੱਲਬਾਤ ਕੀਤੀ ਜਾਵੇਗੀ।