- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਨੀਰੂ ਅਰੋੜਾ ਨੇ ਹੰਗਰੀ ਵਿਖੇ ਅੰਤਰਰਾਸ਼ਟਰੀ ਸਿੱਖਿਆ ਕਾਨਫਰੰਸ ’ਚ ਪੇਸ਼ ਕੀਤਾ ਖੋਜ ਪੱਤਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਗੋਬਿੰਦਗੜ੍ਹ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਨੀਰੂ ਅਰੋੜਾ ਨੇ ਹੰਗਰੀ ਦੇ ਸ਼ੇਕਸਜ਼ਾਰਡ ਸ਼ਹਿਰ ’ਚ ਯੂਨੀਵਰਸਿਟੀ ਆਫ਼ ਪੇਕਸ ਦੇ ਸਹਿਯੋਗ ਨਾਲ 4 ਤੋਂ 8 ਅਕਤੂਬਰ ਤੱਕ ਕਰਵਾਈ ਵਰਲਡ ਕੌਂਸਲ ਫਾਰ ਕਰੀਕੁਲਮ ਐਂਡ ਇੰਸਟਰਕਸ਼ਨ (ਡਬਲਯੂਸੀਸੀਆਈ) ਦੀ 20ਵੀਂ ਅੰਤਰਰਾਸ਼ਟਰੀ ਵਿਸ਼ਵ ਕਾਨਫਰੰਸ ’ਚ ਸ਼ਿਰਕਤ ਕੀਤੀ। ਵਿਸ਼ਵ ਭਰ ਦੇ ਲਗਭਗ 80 ਪ੍ਰਤੀਨਿਧੀਆਂ ਦੀ ਸ਼ਮੂਲੀਅਤ ਵਾਲੇ ਇਸ ਮੰਚ ’ਤੇ ਭਾਰਤ ਦੇ 15 ਮੈਂਬਰੀ ਵਫ਼ਦ ’ਚ ਪੰਜਾਬ ਵੱਲੋਂ ਨੁਮਾਇੰਦਗੀ ਕਰਦਿਆਂ ਉਨ੍ਹਾਂ ਨੇ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਕਾਨਫਰੰਸ ਦੌਰਾਨ ਡਾ. ਨੀਰੂ ਅਰੋੜਾ ਨੇ ‘ਵੈੱਨ ਪਾਲਿਸੀ ਮੀਟਸ ਪਰਸਪੈਕਟਿਵ: ਏ ਸਟੱਡੀ ਆਫ਼ ਟ੍ਰਾਂਸਫਾਰਮੇਟਿਵ ਪ੍ਰੈਕਟਿਸਜ਼ ਇਨ ਏ ਸਿਲੈਕਟ ਇੰਡੀਅਨ ਸਕੂਲ ਇਨ ਪੋਸਟ-2020’ ਵਿਸ਼ੇ ’ਤੇ ਆਪਣਾ ਖੋਜ ਪੱਤਰ ਪੇਸ਼ ਕੀਤਾ। ਇਸ ’ਚ ਉਨ੍ਹਾਂ ਕੋਵਿਡ-19 ਤੋਂ ਬਾਅਦ ਸਕੂਲਾਂ ’ਚ ਲਾਗੂ ਨਵੀਨਤਮ ਨੀਤੀਆਂ, ਵਿਦਿਆਰਥੀਆਂ ਤੇ ਅਧਿਆਪਕਾਂ ਦੇ ਤਜਰਬਿਆਂ ਅਤੇ ਸਿੱਖਿਆ ਪ੍ਰਣਾਲੀ ’ਤੇ ਪਏ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸਕੂਲ ’ਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ‘ਹਰ ਵਿਦਿਆਰਥੀ ਸਟੇਜ ਦਾ ਹੱਕਦਾਰ ਹੈ’, ‘ਥਿੰਕਿੰਗ ਥਰਸਡੇ’, ‘ਐਡਮਿਨਿਆ’ ਅਤੇ ‘ਸਟਾਰਟਅੱਪ ਸਪਾਰਕਸ’ ਵਰਗੀਆਂ ਨਿਵੇਕਲੀਆਂ ਪਹਿਲਕਦਮੀਆਂ ਕਾਰਗਰ ਸਿੱਧ ਹੋ ਰਹੀਆਂ ਹਨ। ਉਨ੍ਹਾਂ ਦੀ ਇਸ ਖੋਜ ਪੇਸ਼ਕਾਰੀ ਨੇ ਅੰਤਰਰਾਸ਼ਟਰੀ ਮੰਚ ’ਤੇ ਸੰਸਥਾ ਦੇ ਵਿਦਿਅਕ ਮਿਆਰ ਨੂੰ ਹੋਰ ਮਜ਼ਬੂਤ ਕੀਤਾ ਹੈ।