
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡਾ. ਨਰੇਸ਼ ਚੌਹਾਨ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਘੋਲ : ਹਿਊਮਨ ਰਾਈਟਸ ਮੰਚ ਇੰਡੀਆ ਦੇ ਕੌਮੀ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਡਾ. ਨਰੇਸ਼ ਚੌਹਾਨ ਨੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਹਵਾਰਾ ਦੀ ਮਾਤਾ ਬਿਮਾਰ ਚੱਲ ਰਹੇ ਹਨ ਅਤੇ ਇਸ ਸਮੇਂ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਲੋੜ ਹੈ। ਲੰਬੇ ਸਮੇਂ ਤੋਂ ਜੇਲ੍ਹ ’ਚ ਬੰਦ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਅਤੇ ਪਰਿਵਾਰਕ ਹਾਲਾਤ ਨੂੰ ਵੀ ਧਿਆਨ ’ਚ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਵਾਰਾ ਨੂੰ ਪੈਰੋਲ ਦੇਣ ਦਾ ਮਾਮਲਾ ਸੂਬਾ ਅਤੇ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ। ਡਾ. ਨਰੇਸ਼ ਚੌਹਾਨ ਨੇ ਸਵਾਲ ਉਠਾਇਆ ਕਿ ਸੰਜੇ ਦੱਤ ਨੂੰ 1993 ਮੁੰਬਈ ਬੰਬ ਧਮਾਕੇ ਅਤੇ ਟਾਡਾ ਕਾਨੂੰਨ ਦੇ ਬਾਵਜੂਦ 144 ਦਿਨ ਦੀ ਪੈਰੋਲ ਅਤੇ 44 ਦਿਨ ਦੀ ਫ਼ਰਲੋ ਮਿਲੀ ਸੀ। ਇਸੇ ਤਰ੍ਹਾਂ 1993 ਦੇ ਰੇਲ ਧਮਾਕੇ ਅਤੇ ਟਾਡਾ ਮਾਮਲੇ ’ਚ ਸਜ਼ਾ ਕੱਟ ਰਹੇ ਫ਼ਜ਼ਲੂਰ ਨੂੰ ਪੁੱਤਰ ਦੇ ਵਿਆਹ ਲਈ 21 ਦਿਨ ਦੀ ਪੈਰੋਲ ਮਿਲੀ ਸੀ। ਇਸ ਤੋਂ ਇਲਾਵਾ ਰੇਪ ਅਤੇ ਕਤਲ ਮਾਮਲੇ ’ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਨੂੰ ਕਈ ਵਾਰ ਪੈਰੋਲ ਮਿਲ ਸਕਦੀ ਹੈ ਤਾਂ ਜਗਤਾਰ ਸਿੰਘ ਹਵਾਰਾ ਨੂੰ ਬਿਮਾਰ ਮਾਤਾ ਦੀ ਦੇਖਭਾਲ ਲਈ ਪੈਰੋਲ ਕਿਉਂ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜੇਲ੍ਹ ਐਕਟ 1894 ਅਤੇ 2016 ਸਮੇਤ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਜੇਲ੍ਹ ’ਚ ਕੈਦੀ ਦਾ ਚੰਗਾ ਵਿਹਾਰ ਹੋਣ ’ਤੇ ਪੈਰੋਲ ਦੇਣ ਦਾ ਪ੍ਰਬੰਧ ਹੈ। ਬਿਮਾਰ ਮਾਤਾ ਦੀ ਦੇਖਭਾਲ ਲਈ ਪੁੱਤਰ ਦਾ ਹਾਜ਼ਰ ਹੋਣਾ ਮਨੁੱਖੀ ਅਤੇ ਭਾਵਨਾਤਮਕ ਲੋੜ ਹੈ। ਸਰਕਾਰ ਅਤੇ ਸਬੰਧਤ ਅਧਿਕਾਰੀ ਮਨੁੱਖੀ ਹਮਦਰਦੀ ਦੇ ਆਧਾਰ ’ਤੇ ਕਾਨੂੰਨ ਅਨੁਸਾਰ ਪੈਰੋਲ ਦੇਣ ਬਾਰੇ ਫ਼ੈਸਲਾ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹਵਾਰਾ ਨੂੰ ਪੈਰੋਲ ਨਾ ਦਿੱਤੀ ਗਈ ਤਾਂ ਹਿਊਮਨ ਰਾਈਟਸ ਮੰਚ ਦੇ ਪ੍ਰਧਾਨ ਜਸਵੰਤ ਸਿੰਘ ਖੇੜਾ ਦੀ ਅਗਵਾਈ ਹੇਠ ਸੰਘਰਸ਼ ਤੇਜ਼ ਕੀਤਾ ਜਾਵੇਗਾ।