- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨ, ਮਜ਼ਦੂਰ ਤੇ ਆੜ੍ਹਤੀਏ ਪ੍ਰੇਸ਼ਾਨ : ਡਾ. ਹਰਬੰਸ ਲਾਲ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਭਾਜਪਾ ਆਗੂ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਰਹਿੰਦ ਦੀ ਟਰੱਕ ਬਾਡੀ ਬਿਲਡਰ ਇੰਡਸਟਰੀ ਨੂੰ ਉਜਾੜ ਦਿੱਤਾ ਹੈ, ਜਿਸ ਕਾਰਨ ਹਜ਼ਾਰਾਂ ਪਰਿਵਾਰਾਂ ਦਾ ਰੁਜ਼ਗਾਰ ਖੁੱਸ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਤੋਂ ਸ਼ੈਲਰ ਮਾਲਕ ਦੁਖੀ ਹਨ ਕਿਉਂਕਿ ਚੌਲ ਸਟੋਰ ਕਰਨ ਲਈ ਥਾਂ ਨਹੀਂ ਹੈ ਅਤੇ ਮੰਡੀਆਂ ’ਚੋਂ ਝੋਨੇ ਦੀ ਚੁਕਾਈ ਵਿੱਚ ਵੀ ਰੁਕਾਵਟ ਆ ਰਹੀ ਹੈ, ਪਰ ਫਿਰ ਵੀ ਸਰਕਾਰ ਧੱਕੇ ਨਾਲ ਝੋਨਾ ਸ਼ੈਲਰਾਂ ’ਚ ਭੇਜ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਕਿਸਾਨਾਂ ਲਈ ਪਾਣੀ ਅਤੇ ਰਾਤ ਠਹਿਰਨ ਦੇ ਪ੍ਰਬੰਧ ਨਹੀਂ ਹਨ ਅਤੇ ਖ਼ਰੀਦ ਏਜੰਸੀਆਂ ਨਮੀ ਦਾ ਬਹਾਨਾ ਬਣਾ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਮਜ਼ਦੂਰਾਂ ਦੀ ਮਜ਼ਦੂਰੀ ਬਹੁਤ ਘੱਟ ਹੋਣ ਕਾਰਨ ਗੁਜ਼ਾਰਾ ਮੁਸ਼ਕਲ ਹੈ, ਇਸ ਲਈ ਮਜ਼ਦੂਰੀ ਦੁੱਗਣੀ ਕੀਤੀ ਜਾਵੇ। ਆੜ੍ਹਤੀਏ ਵੀ ਆਪਣੀ ਆੜ੍ਹਤ ਵਧਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਬੇਧਿਆਨ ਹੈ। ਉਨ੍ਹਾਂ ਮਾਰਕੀਟ ਕਮੇਟੀ ’ਚ ਆਰਜ਼ੀ ਮਜ਼ਦੂਰ ਰੱਖ ਕੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਦਾ ਵੀ ਦੋਸ਼ ਲਾਇਆ। ਡਾ. ਹਰਬੰਸ ਲਾਲ ਨੇ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫ਼ਤੇ ਅੰਦਰ ਕਿਸਾਨਾਂ, ਮਜ਼ਦੂਰਾਂ, ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਹੱਲ ਨਾ ਹੋਈਆਂ ਤਾਂ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸੰਦੀਪ ਸਿੰਘ ਲਵਲੀ, ਅਸ਼ੋਕ ਕੁਮਾਰ ਤਲਾਣੀਆਂ, ਜਤਿੰਦਰ ਸਿੰਘ ਫਤਿਹਪੁਰ, ਜੋਗਿੰਦਰ ਸਿੰਘ ਰਜਿੰਦਰ ਨਗਰ, ਜੋਗਿੰਦਰ ਸਿੰਘ ਬੀਬੀਪੁਰ, ਕਾਕਾ ਸਿੰਘ ਮੰਡੋਫਲ, ਗੁਰਜੀਤ ਸਿੰਘ ਭੈਰੋਂਪੁਰ, ਦਲਬੀਰ ਸਿੰਘ ਭੈਰੋਂਪੁਰ, ਰਵਿੰਦਰ ਸਿੰਘ ਪਨਾਗ, ਜਗਬੀਰ ਸਿੰਘ ਤਰਖੇੜੀ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਚੂਹੜ ਸਿੰਘ ਸਰਹਿੰਦ, ਦਲੇਰ ਸਿੰਘ ਖਾਲਸਾ, ਸੁਰਜੀਤ ਸਿੰਘ ਰਾਜਪੂਤ, ਗੁਰਦੀਪ ਸਿੰਘ ਭਾਗਨਪੁਰ, ਸੁਖਵੀਰ ਸਿੰਘ ਚੌਰਵਾਲਾ, ਸੁਖਵਿੰਦਰ ਸਿੰਘ ਪੱਪੀ ਸਮੇਤ ਵੱਡੀ ਗਿਣਤੀ ’ਚ ਕਿਸਾਨ, ਮਜ਼ਦੂਰ ਅਤੇ ਆੜ੍ਹਤੀਏ ਹਾਜ਼ਰ ਸਨ।