
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਹਲਕੇ ਦੇ ਸੜਕੀ ਪ੍ਰੋਜੈਕਟਾਂ ਦਾ ਮੁੱਦਾ ਚੁੱਕਿਆ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਨਾਲ ਸਬੰਧਤ ਵੱਖ-ਵੱਖ ਸੜਕੀ ਪ੍ਰੋਜੈਕਟਾਂ ਅਤੇ ਲੋਕਾਂ ਦੀਆਂ ਲੰਮੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਦੇ ਸਾਹਮਣੇ ਸਰਹਿੰਦ ਤੋਂ ਲੁਧਿਆਣਾ ਤੱਕ ਕੌਮੀ ਮਾਰਗ ਦੀ ਮੁਰੰਮਤ ਅਤੇ ਨਵੀਨੀਕਰਨ ਦੀ ਮੰਗ ਰੱਖੀ, ਜਿਸ ਵਿਚ ਲਾਈਟਾਂ, ਗ੍ਰੀਨ ਬੈਲਟ ਅਤੇ ਸਰਵਿਸ ਲਾਈਨਾਂ ਦੀ ਮੁਰੰਮਤ ਸ਼ਾਮਲ ਹਨ। ਇਸ ਤੋਂ ਇਲਾਵਾ ਖਰੜ-ਲੁਧਿਆਣਾ ਕੌਮੀ ਮਾਰਗ ’ਤੇ ਕੋਟਲਾ ਸ਼ਮਸ਼ਪੁਰ ਵਿਖੇ ਅੰਡਰਪਾਸ ਨੂੰ ਪਹਿਲ ਦੇ ਆਧਾਰ ’ਤੇ ਬਣਾਉਣ ਦੀ ਮੰਗ ਰੱਖੀ। ਉਨ੍ਹਾਂ ਦੱਸਿਆ ਕਿ ਮਾਰਗ ਨਿਕਲਣ ਕਾਰਨ ਪਿੰਡ ਕੋਟਲਾ ਸ਼ਮਸ਼ਪੁਰ ਦੋ ਹਿੱਸਿਆਂ ’ਚ ਵੰਡਿਆ ਗਿਆ ਹੈ ਅਤੇ ਪਿੰਡ ਵਾਸੀਆਂ ਨੂੰ ਤੇਜ਼ ਰਫ਼ਤਾਰ ਆਵਾਜਾਈ ਵਿਚਕਾਰ ਰੋਜ਼ਾਨਾ ਸੜਕ ਪਾਰ ਕਰਨੀ ਪੈਂਦੀ ਹੈ, ਜਿਸ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਇੱਥੇ ਅੰਡਰਪਾਸ ਬਣਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਸਾਹਨੇਵਾਲ ਇਲਾਕੇ ਦੇ ਸੂਜਾਤਵਾਲਾ ਰੋਡ ’ਤੇ ਲੁਧਿਆਣਾ-ਰੋਪੜ (ਰੂਪਨਗਰ) ਐਕਸਪ੍ਰੈੱਸਵੇਅ ਲਈ ਰਸਤਾ ਮੁਹੱਈਆ ਕਰਵਾਉਣ ਦੀ ਮੰਗ ਵੀ ਰੱਖੀ। ਡਾ. ਅਮਰ ਸਿੰਘ ਨੇ ਕਿਹਾ ਕਿ ਸਾਹਨੇਵਾਲ ਇੱਕ ਮਹੱਤਵਪੂਰਨ ਉਦਯੋਗਿਕ ਖੇਤਰ ਹੈ ਅਤੇ ਆਸ-ਪਾਸ ਦੇ ਕਈ ਪਿੰਡਾਂ ਦੇ ਵਸਨੀਕਾਂ ਨੂੰ ਐਕਸਪ੍ਰੈੱਸਵੇਅ ਦੀ ਸਹੂਲਤ ਮਿਲਣ ਨਾਲ ਹਜ਼ਾਰਾਂ ਲੋਕਾਂ ਨੂੰ ਆਵਾਜਾਈ ’ਚ ਰਾਹਤ ਮਿਲੇਗੀ ਅਤੇ ਖੇਤਰ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ। ਡਾ. ਅਮਰ ਸਿੰਘ ਨੇ ਖੰਟ ਵਿਖੇ ਪਹਿਲਾਂ ਹੀ ਮਨਜ਼ੂਰ ਫੁੱਟ ਓਵਰ ਬ੍ਰਿਜ ਨੂੰ ਜੀਟੀਬੀ ਸਕੂਲ ਖੰਟ ਦੇ ਬਿਲਕੁਲ ਸਾਹਮਣੇ ਤਬਦੀਲ ਕਰਨ ਦੀ ਮੰਗ ਵੀ ਰੱਖੀ। ਉਨ੍ਹਾਂ ਦੱਸਿਆ ਕਿ ਇਸ ਪੁਲ ਦੀ ਮੁੱਖ ਲੋੜ ਸਕੂਲੀ ਬੱਚਿਆਂ ਨੂੰ ਐਨਐਚ05 ਪਾਰ ਕਰਵਾਉਣ ਲਈ ਸੁਰੱਖਿਅਤ ਰਸਤਾ ਦੇਣਾ ਹੈ, ਪਰ ਇਹ ਥੋੜ੍ਹਾ ਹੱਟ ਕੇ ਪਾਸ ਹੋਣ ਕਾਰਨ ਮਕਸਦ ਪੂਰਾ ਨਹੀਂ ਹੋਵੇਗਾ। ਉਨ੍ਹਾਂ ਕੇਂਦਰੀ ਮੰਤਰੀ ਨੂੰ ਇਨ੍ਹਾਂ ਸਾਰੇ ਪ੍ਰੋਜੈਕਟਾਂ ਨੂੰ ਪਹਿਲ ਦੇ ਆਧਾਰ ’ਤੇ ਮਨਜ਼ੂਰੀ ਦੇ ਕੇ ਜਲਦ ਕਾਰਵਾਈ ਕਰਨ ਦੀ ਅਪੀਲ ਕੀਤੀ ਤਾਂ ਜੋ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤ ਮਿਲ ਸਕੇ।