
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਵੱਲੋਂ ਫ਼ੋਟੋਗ੍ਰਾਫ਼ੀ ਵਰਕਸ਼ਾਪ ਅਤੇ ਮੁਕਾਬਲਾ ਕਰਵਾਇਆ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ) ਫਤਹਿਗੜ੍ਹ ਸਾਹਿਬ ਵਿਖੇ ਡਾ. ਆਨੰਦ ਗੁਪਤਾ ਦੀ ਅਗਵਾਈ ਹੇਠ ਇਕ ਰੋਜ਼ਾ ਫ਼ੋਟੋਗ੍ਰਾਫ਼ੀ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਪ੍ਰਸਿੱਧ ਆਰਟ ਫ਼ੋਟੋਗ੍ਰਾਫ਼ਰ ਸੁਖਜੀਵਨ ਤੇ ਗੁਰਦੀਪ ਕਾਫ਼ਿਰ ਨੇ ਸਿੱਖਿਆਰਥੀ ਅਧਿਆਪਕਾਂ ਨੂੰ ਫ਼ੋਟੋਗ੍ਰਾਫ਼ੀ ਦੇ ਤਕਨੀਕੀ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ। ਗੀਤ ਆਰਟਸ ਦੇ ਸੰਸਥਾਪਕ ਸੁਖਜੀਵਨ ਨੇ ਕਿਹਾ ਕਿ ਫ਼ੋਟੋਗ੍ਰਾਫ਼ੀ ਵਿਚ ਕੈਮਰੇ ਜਾਂ ਮੋਬਾਈਲ ਨਾਲੋਂ ਫ਼ੋਟੋਗ੍ਰਾਫ਼ਰ ਦੀ ਨਜ਼ਰ ਤੇ ਸੋਚ ਜ਼ਿਆਦਾ ਅਹਿਮ ਹੁੰਦੀ ਹੈ। ਗੁਰਦੀਪ ਕਾਫ਼ਿਰ ਨੇ ਕਿਹਾ ਕਿ ਫ਼ੋਟੋਗ੍ਰਾਫ਼ੀ ਚੁਣੌਤੀਆਂ ਭਰਪੂਰ ਕਲਾ ਹੈ। ਵਰਕਸ਼ਾਪ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਫ਼ੋਟੋਗ੍ਰਾਫ਼ੀ ਦੁਨੀਆ ਨੂੰ ਵਿਲੱਖਣ ਨਜ਼ਰੀਏ ਨਾਲ ਦੇਖਣ ਦੀ ਕਲਾ ਹੈ, ਜਿਸ ਰਾਹੀਂ ਆਮ ਅੱਖ ਤੋਂ ਓਹਲੇ ਪੱਖਾਂ ਨੂੰ ਵੀ ਕੈਮਰੇ ’ਚ ਕੈਦ ਕੀਤਾ ਜਾ ਸਕਦਾ ਹੈ। ਕੰਵਲਦੀਪ ਸਿੰਘ ਸੋਹੀ ਨੇ ਦੱਸਿਆ ਕਿ ਇਹ ਵਰਕਸ਼ਾਪ ਸਿਖਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। ਵਰਕਸ਼ਾਪ ਉਪਰੰਤ ਕਰਵਾਏ ਗਏ ਮੁਕਾਬਲੇ ’ਚ 55 ਸਿਖਿਆਰਥੀਆਂ ਨੇ ਹਿੱਸਾ ਲਿਆ। ਸੁਖਜੀਵਨ ਨੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਮੈਕਰੋ ਫ਼ੋਟੋਗ੍ਰਾਫ਼ੀ ਵਿਚ ਜਸਪ੍ਰੀਤ ਕੌਰ, ਲੈਂਡਸਕੇਪ ਵਿਚ ਗੁਰਸ਼ਾਨ ਸਿੰਘ, ਨੇਚਰ ਵਿਚ ਗੁਰਪਿਆਰ ਸਿੰਘ, ਸਿਮੈਟਰੀ ਵਿਚ ਜਸਪ੍ਰੀਤ ਸਿੰਘ, ਰਿਫ਼ਲੈਕਸ਼ਨ ਵਿਚ ਸਟੀਫਨਪ੍ਰੀਤ ਸਿੰਘ, ਟੈਕਸਚਰ ਵਿਚ ਜਸਵੀਰ ਕੌਰ, ਆਰਟ ਵਿੱਚ ਭੂਮਿਕਾ ਅਤੇ ਕੈਂਡਿਡ ਫ਼ੋਟੋਗ੍ਰਾਫ਼ੀ ਵਿਚ ਰਾਹੁਲਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੰਸਥਾ ਦੇ ਮੁਖੀ ਡਾ. ਆਨੰਦ ਗੁਪਤਾ ਨੇ ਸਿਖਿਆਰਥੀਆਂ ਵੱਲੋਂ ਪੇਸ਼ ਕੀਤੇ ਕੰਮ ਦੀ ਸ਼ਲਾਘਾ ਕਰਦਿਆਂ ਰਿਸੋਰਸ ਪਰਸਨਾਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ। ਇਸ ਮੌਕੇ ਤਨਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ, ਜਦਕਿ ਵੰਦਨਾ ਚੋਪੜਾ ਅਤੇ ਹਰਪ੍ਰੀਤ ਕੌਰ ਵੀ ਮੌਜੂਦ ਸਨ।