- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਖੇ ‘ਪੰਜਾਬੀ ਦਾ ਮੁੱਢ’ ਕਿਤਾਬ ਉੱਤੇ ਵਿਚਾਰ-ਚਰਚਾ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਵੱਲੋਂ ਖੋਜੀ ਲੇਖਕ ਨਾਜਰ ਸਿੰਘ ਦੀ ਕਿਤਾਬ ‘ਪੰਜਾਬੀ ਦਾ ਮੁੱਢ’ ਉੱਤੇ ਵਿਚਾਰ-ਚਰਚਾ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਪਰਿਤ ਪਾਲ ਸਿੰਘ ਨੇ ਕੀਤੀ। ਲੇਖਕ ਨਾਜਰ ਸਿੰਘ ਦੇ ਜੀਵਨ ਅਤੇ ਸ਼ਖ਼ਸੀਅਤ ਬਾਰੇ ਗੱਲ ਕਰਦਿਆਂ ਉੱਘੇ ਪੰਜਾਬੀ ਲੇਖਕ ਸੁਰਜੀਤ ਸਿੰਘ ਨੇ ਕਿਹਾ ਕਿ ਉਹ ਇੱਕ ਦਰਵੇਸ਼ ਸ਼ਖ਼ਸੀਅਤ ਸਨ। ਮੁੱਖ ਬੁਲਾਰੇ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਚੇਤਨ ਸਿੰਘ ਨੇ ਕਿਤਾਬ ਨੂੰ ਨਵੇਂ ਖੋਜੀਆਂ ਲਈ ਬਹੁਤ ਉਪਯੋਗੀ ਦੱਸਦਿਆਂ ਲੇਖਕ ਦੇ ਸਾਦਗੀਪੂਰਨ ਜੀਵਨ ਅਤੇ ਵੱਡੇ ਖੋਜ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੇਖਕ ਆਪਣੇ ਆਪ ਵਿੱਚ ਇੱਕ ਸੰਸਥਾ ਦਾ ਰੂਪ ਧਾਰ ਗਿਆ ਸੀ। ਵਿਭਾਗ ਮੁਖੀ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਜਿੱਥੇ ਬਹੁਤੇ ਵਿਦਵਾਨ ਪੰਜਾਬੀ ਭਾਸ਼ਾ ਦਾ ਮੁੱਢ ਸੰਸਕ੍ਰਿਤ ਵਿੱਚੋਂ ਹੋਇਆ ਮੰਨਦੇ ਹਨ, ਉੱਥੇ ਨਾਜਰ ਸਿੰਘ ਨੇ ਆਪਣੀਆਂ ਠੋਸ ਦਲੀਲਾਂ ਰਾਹੀਂ ਇਸ ਧਾਰਨਾ ਨੂੰ ਵੰਗਾਰਿਆ ਹੈ। ਖੇਤੀਬਾੜੀ ਵਿਭਾਗ ਚੰਡੀਗੜ੍ਹ ਦੇ ਸੇਵਾਮੁਕਤ ਜੁਆਇੰਟ ਡਾਇਰੈਕਟਰ ਫਤਹਿਜੰਗ ਸਿੰਘ ਨੇ ਵੀ ਲੇਖਕ ਦੇ ਜੀਵਨ ਅਤੇ ਰਚਨਾ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ-ਚਾਂਸਲਰ ਡਾ. ਪਰਿਤ ਪਾਲ ਸਿੰਘ ਨੇ ਖੋਜੀ ਨਾਜਰ ਸਿੰਘ ਦੇ ਨਿਰਸਵਾਰਥ ਅਤੇ ਸਾਦਗੀਪੂਰਨ ਜੀਵਨ ਨੂੰ ਪ੍ਰੇਰਨਾਦਾਇਕ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਜੀਵਨ ਅਤੇ ਖੋਜ ਪ੍ਰਤੀ ਸਮਰਪਣ ਤੋਂ ਸਿੱਖਿਆ ਲੈਣ ਦੀ ਲੋੜ ਹੈ। ਵਿਚਾਰ-ਚਰਚਾ ਦੀ ਕਨਵੀਨਰ ਡਾ. ਹਰਪ੍ਰੀਤ ਕੌਰ ਨੇ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲੇਖਕ ਦੇ ਭਾਣਜੇ ਗੁਰਿੰਦਰ ਸਿੰਘ ਤੇ ਭਾਣਜੀ ਪਰਵੀਨ ਕੌਰ, ਸੇਵਾਮੁਕਤ ਅੰਡਰ ਸੈਕਟਰੀ ਮੇਵਾ ਸਿੰਘ ਅਤੇ ਐਲਆਈਸੀ ਦੇ ਸੇਵਾਮੁਕਤ ਮੈਨੇਜਰ ਅਵਤਾਰ ਸਿੰਘ ਵੀ ਮੌਜੂਦ ਸਨ।