- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਮਬੀਸੀਟੀ ਦੇ 11ਵੇਂ ਬੈਚ ਦੀਆਂ 26 ਵਿਦਿਆਰਥਣਾਂ ਨੂੰ ਡਿਪਲੋਮਾ ਸਰਟੀਫਿਕੇਟ ਤੇ ਕਿੱਟਾਂ ਵੰਡੀਆਂ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਮੇਹਰ ਬਾਬਾ ਚੈਰੀਟੇਬਲ ਟਰੱਸਟ (ਐਮਬੀਸੀਟੀ), ਬੱਸੀ ਪਠਾਣਾਂ ਵੱਲੋਂ ਸੋਸਵਾਨ ਪ੍ਰਾਜੈਕਟ ਅਧੀਨ ਚਲਾਏ ਜਾ ਰਹੇ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਦੇ 11ਵੇਂ ਬੈਚ ਦਾ ਸਰਟੀਫਿਕੇਟ ਵੰਡ ਸਮਾਰੋਹ ਐਮਬੀਸੀਟੀ ਕਮਿਊਨਿਟੀ ਡਿਵੈਲਪਮੈਂਟ ਸੈਂਟਰ ਵਿਖੇ ਕਰਵਾਇਆ ਗਿਆ। ਇਸ ਮੌਕੇ ਸਕਿਨ ਅਤੇ ਹੇਅਰ ਕੇਅਰ ਕੋਰਸ ਸਫ਼ਲਤਾਪੂਰਵਕ ਪੂਰਾ ਕਰਨ ਵਾਲੀਆਂ 26 ਵਿਦਿਆਰਥਣਾਂ ਨੂੰ ਡਿਪਲੋਮਾ ਸਰਟੀਫਿਕੇਟ ਅਤੇ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਬਿਊਟੀ ਸਟਾਰਟਅੱਪ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ। ਟਰੱਸਟੀ ਠਾਕੁਰ ਸਿੰਘ ਮੇਜੀ ਨੇ ਵਿਦਿਆਰਥਣਾਂ ਨੂੰ ਸਰਟੀਫਿਕੇਟ ਸੌਂਪਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਸਮਾਰੋਹ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਧਿਕਾਰੀ ਹਰਮਨਜੋਤ ਨੇ ਵਿਦਿਆਰਥਣਾਂ ਨੂੰ ਸਰਕਾਰੀ ਸਵੈ-ਰੁਜ਼ਗਾਰ ਸਕੀਮਾਂ, ਰੁਜ਼ਗਾਰ ਦੇ ਮੌਕਿਆਂ ਅਤੇ ਰੁਜ਼ਗਾਰ ਦਫ਼ਤਰ ਵਿੱਚ ਨਾਮ ਦਰਜ ਕਰਵਾਉਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਕੋਰਸ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਿਖਿਆਰਥਣ ਅੰਜਲੀ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਸਿਖਲਾਈ ਨੇ ਉਸ ਨੂੰ ਆਤਮਨਿਰਭਰ ਬਣਾਇਆ ਹੈ ਅਤੇ ਉਹ ਹੁਣ ਆਪਣਾ ਕੰਮ ਕਰਕੇ ਚੰਗੀ ਕਮਾਈ ਕਰ ਰਹੀ ਹੈ। ਟਰੱਸਟ ਦਾ ਇਹ ਉਪਰਾਲਾ ਲੜਕੀਆਂ ਨੂੰ ਹੁਨਰਮੰਦ ਬਣਾ ਕੇ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਸਾਬਤ ਹੋ ਰਿਹਾ ਹੈ।