ਦੇਸ਼ ਭਗਤ ਯੂਨੀਵਰਸਿਟੀ ’ਚ ਦੀਵਾਲੀ ਦਾ ਸ਼ਾਨਦਾਰ ਜਸ਼ਨ ਦੇਸ਼ ਭਗਤ ਯੂਨੀਵਰਸਿਟੀ ’ਚ ਦੀਵਾਲੀ ਦਾ ਸ਼ਾਨਦਾਰ ਜਸ਼ਨ
Publish Date: Mon, 09 Nov 2026 05:43 PM (IST)
Updated Date: Mon, 09 Nov 2026 05:44 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਵਿਚ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਕੈਂਪਸ ਵਿਚ ਦੀਵਾਲੀ ਮੇਲਾ ਲਗਾਇਆ ਗਿਆ, ਜਿਸ ਵਿਚ ਵਿਦਿਆਰਥੀਆਂ, ਅਧਿਆਪਕਾਂ ਅਤੇ ਵਿਦੇਸ਼ੀ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਦੀਵਾਲੀ ਕਾਰਨਿਵਾਲ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਪ੍ਰੋ. (ਡਾ.) ਹਰਸ਼ ਸਦਾਵਰਤੀ ਦੀ ਅਗਵਾਈ ਹੇਠ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨੇ ਆਪਣੇ-ਆਪਣੇ ਮੁਖੀਆਂ ਦੀ ਰਹਿਨੁਮਾਈ ਵਿੱਚ ਕਈ ਆਕਰਸ਼ਕ ਸਟਾਲ ਲਗਾਏ। ਮੇਲੇ ਨੇ ਵਿਦਿਆਰਥੀਆਂ ਨੂੰ ਆਪਣੀ ਕਾਰੋਬਾਰੀ ਸੂਝ-ਬੂਝ, ਸਿਰਜਣਾਤਮਕ ਯੋਗਤਾ ਤੇ ਪ੍ਰਬੰਧਕੀ ਹੁਨਰ ਵਿਖਾਉਣ ਲਈ ਇੱਕ ਵਧੀਆ ਮੰਚ ਪ੍ਰਦਾਨ ਕੀਤਾ। ਸਕੂਲ ਆਫ ਫਾਰਮੇਸੀ ਦੇ ਪਲੇਸਬੋ ਕਲੱਬ ਵੱਲੋਂ ਏਕ ਭਾਰਤ ਸ੍ਰੇਸ਼ਠ ਭਾਰਤ , ਸੰਸਥਾ ਦੀ ਨਵੀਨਤਾ ਪ੍ਰੀਸ਼ਦ (ਆਈਆਈਸੀ) ਅਤੇ ਅੰਦਰੂਨੀ ਗੁਣਵੱਤਾ ਭਰੋਸਾ ਸੈੱਲ (ਆਈਕਿਊਏਸੀ) ਦੇ ਸਹਿਯੋਗ ਨਾਲ ਵਿਸ਼ੇਸ਼ ਦੀਵਾਲੀ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਪੂਜਾ ਗੁਲਾਟੀ ਨੇ ਸਵਾਗਤੀ ਭਾਸ਼ਣ ਨਾਲ ਕੀਤੀ। ਇਸ ਮੌਕੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਪ੍ਰੋ. (ਡਾ.) ਹਰਸ਼ ਸਦਾਵਰਤੀ ਨੇ ਹਾਜ਼ਰੀ ਲਗਵਾ ਕੇ ਸਮਾਗਮ ਦੀ ਰੌਣਕ ਵਧਾਈ। ਇਸ ਮੌਕੇ ਰਵਾਇਤੀ ਪਹਿਰਾਵਾ ਮੁਕਾਬਲਾ (ਮਿਸਟਰ ਅਤੇ ਮਿਸ ਸਪਾਰਕਲ), ਗ੍ਰੀਟਿੰਗ ਕਾਰਡ, ਦੀਵੇ ਅਤੇ ਮੋਮਬੱਤੀਆਂ ਬਣਾਉਣ ਸਮੇਤ ਫਾਲਤੂ ਵਸਤਾਂ ਤੋਂ ਸ਼ਾਨਦਾਰ ਚੀਜ਼ਾਂ ਬਣਾਉਣ ਵਰਗੇ ਕਈ ਦਿਲਚਸਪ ਮੁਕਾਬਲੇ ਕਰਵਾਏ ਗਏ। ਫੈਸਟੀਵ ਗਲੈਮਰ ਵਾਕ ਸਮਾਗਮ ਦਾ ਇਕ ਹੋਰ ਖ਼ਾਸ ਆਕਰਸ਼ਣ ਬਣੀ। ਇਸ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਰਵਾਇਤੀ ਪਹਿਰਾਵੇ, ਸੱਭਿਆਚਾਰਕ ਪਛਾਣ ਅਤੇ ਆਤਮ-ਵਿਸ਼ਵਾਸ ਨੂੰ ਵਿਖਾਉਣ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਜੋਸ਼ ਭਰਪੂਰ ਭੰਗੜੇ, ਸਮੂਹਿਕ ਨਾਚ ਅਤੇ ਇਕੱਲੇ ਨਾਚ ਦੀਆਂ ਪੇਸ਼ਕਾਰੀਆਂ ਨੇ ਜਸ਼ਨਾਂ ਵਿੱਚ ਹੋਰ ਰੰਗ ਭਰ ਦਿੱਤੇ। ਵਿਦਿਆਰਥੀਆਂ ਨੇ ਸਮਾਗਮ ਦੀਆਂ ਵੀਡੀਓ ਝਲਕੀਆਂ ਵੀ ਤਿਆਰ ਕੀਤੀਆਂ। ਬੀ ਫਾਰਮੇਸੀ ਦੇ ਤੀਜੇ ਸਮੈਸਟਰ ਦੀ ਅੰਸ਼ਿਕਾ ਨੇ ਫਾਲਤੂ ਵਸਤਾਂ ਤੋਂ ਸ਼ਾਨਦਾਰ ਚੀਜ਼ਾਂ ਬਣਾਉਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਬੀ ਫਾਰਮੇਸੀ ਦੇ ਪਹਿਲੇ ਸਮੈਸਟਰ ਦੀ ਪੂਜਾ ਨੇ ਦੀਵੇ ਬਣਾਉਣ ਦੇ ਮੁਕਾਬਲੇ ਵਿੱਚ ਪਹਿਲਾ ਇਨਾਮ ਜਿੱਤਿਆ। ਤੀਜੇ ਸਮੈਸਟਰ ਦੇ ਆਦਿੱਤਿਆ ਨੇ ਮੋਮਬੱਤੀਆਂ ਬਣਾਉਣ ਤੇ ਬੀ ਫਾਰਮੇਸੀ ਦੇ ਪਹਿਲੇ ਸਮੈਸਟਰ ਦੀ ਪ੍ਰਿਯਾਂਸ਼ੀ ਨੇ ਗ੍ਰੀਟਿੰਗ ਕਾਰਡ ਬਣਾਉਣ ਦੇ ਮੁਕਾਬਲੇ ਵਿੱਚ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਰਵਾਇਤੀ ਪਹਿਰਾਵਾ ਮੁਕਾਬਲੇ ਵਿੱਚ ਬੀ ਫਾਰਮੇਸੀ ਦੇ ਸੱਤਵੇਂ ਸਮੈਸਟਰ ਦੇ ਗਗਨਦੀਪ ਨੂੰ ਮਿਸਟਰ ਸਪਾਰਕਲ ਅਤੇ ਬੀ ਫਾਰਮੇਸੀ ਦੇ ਤੀਜੇ ਸਮੈਸਟਰ ਦੀ ਮਨਜੋਤ ਕੌਰ ਨੂੰ ਮਿਸ ਸਪਾਰਕਲ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਸੇ ਮੁਕਾਬਲੇ ਵਿੱਚ ਬੀ ਫਾਰਮੇਸੀ ਦੇ ਸੱਤਵੇਂ ਸਮੈਸਟਰ ਦੇ ਵਿਸ਼ਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਜਸ਼ਨਾਂ ਰਾਹੀਂ ਵਾਤਾਵਰਣ ਦੀ ਸੰਭਾਲ ਦਾ ਅਹਿਮ ਸੁਨੇਹਾ ਵੀ ਦਿੱਤਾ ਗਿਆ। ਵਿਦਿਆਰਥੀਆਂ ਨੂੰ ਮੁੜ ਵਰਤੋਂ, ਵਸਤਾਂ ਦੀ ਦੁਬਾਰਾ ਵਰਤੋਂ ਅਤੇ ਵਾਤਾਵਰਣ-ਅਨੁਕੂਲ ਤਰੀਕਿਆਂ ਨੂੰ ਅਪਣਾ ਕੇ ਸੁਰੱਖਿਅਤ ਅਤੇ ਕੁਦਰਤ-ਪੱਖੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ।