ਡੀਬੀਯੂ ਵੱਲੋਂ 14ਵੇਂ ਸਥਾਪਨਾ ਦਿਵਸ ਮੌਕੇ 100 ਕਿਤਾਬਾਂ ਲੋਕ-ਅਰਪਣ ਦੇਸ਼ ਭਗਤ ਯੂਨੀਵਰਸਿਟੀ ਵੱਲੋਂ 14ਵੇਂ ਸਥਾਪਨਾ ਦਿਵਸ ਮੌਕੇ 100 ਕਿਤਾਬਾਂ ਲੋਕ-ਅਰਪਣ
Publish Date: Wed, 28 Oct 2026 05:27 PM (IST)
Updated Date: Wed, 28 Oct 2026 05:28 PM (IST)
ਫ਼ੋਟੋ ਫ਼ਾਈਲ : 11 ਡੀਬੀਯੂ ਦੇ ਸਥਾਪਨਾ ਦਿਵਸ ਮੌਕੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ 100 ਕਿਤਾਬਾਂ ਲੋਕ-ਅਰਪਣ ਕੀਤੇ ਜਾਣ ਦਾ ਦ੍ਰਿਸ਼। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਨੇ ਆਪਣਾ 14ਵਾਂ ਸਥਾਪਨਾ ਦਿਵਸ ਵਿਸ਼ਾਲ ਕਿਤਾਬ ਲੋਕ-ਅਰਪਣ ਸਮਾਰੋਹ ਨਾਲ ਮਨਾਇਆ। ਇਸ ਮੌਕੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ 100 ਕਿਤਾਬਾਂ ਦਾ ਲੋਕ-ਅਰਪਣ ਕੀਤਾ ਗਿਆ। ਸਮਾਰੋਹ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਖੋਜ ਲਈ ਸਰਗਰਮ ਮਾਹੌਲ ਸਿਰਜਣ ਤੇ ਸਾਰਥਕ ਅਕਾਦਮਿਕ ਯੋਗਦਾਨ ਰਾਹੀਂ ਗਿਆਨ ਦੇ ਪਸਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਆਖਿਆ ਕਿ ਵਿਦਵਤਾਪੂਰਨ ਪ੍ਰਕਾਸ਼ਨ ਕਿਸੇ ਵੀ ਸੰਸਥਾ ਦੀ ਸਮੂਹਿਕ ਬੌਧਿਕ ਸਮਰੱਥਾ ਨੂੰ ਦਰਸਾਉਂਦੇ ਹਨ। ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਕਿਹਾ ਕਿ ਖੋਜ-ਆਧਾਰਿਤ ਪ੍ਰਕਾਸ਼ਨ ਨਿਰੰਤਰ ਯਤਨਾਂ ਦਾ ਸਿੱਟਾ ਹੁੰਦੇ ਹਨ। ਉਪ-ਕੁਲਪਤੀ ਪ੍ਰੋ. (ਡਾ.) ਹਰਸ਼ ਸਦਾਵਰਤੀ ਨੇ ਸੰਸਥਾ ਦੇ ਵਿਕਾਸ ਬਾਰੇ ਰਿਪੋਰਟ ਪੇਸ਼ ਕਰਦਿਆਂ 100 ਕਿਤਾਬਾਂ ਦੇ ਪ੍ਰਕਾਸ਼ਨ ਨੂੰ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਦੱਸਿਆ। ਸਾਬਕਾ ਉਪ-ਕੁਲਪਤੀ ਡਾ. ਸ਼ਾਲਿਨੀ ਗੁਪਤਾ ਨੇ ਸੰਸਥਾ ਦੇ ਵਿਕਾਸ ਦੀ ਸ਼ਲਾਘਾ ਕੀਤੀ, ਜਦਕਿ ਸਿਰੋ (ਐਸਆਈਆਰਓ) ਦੇ ਨਿਰਦੇਸ਼ਕ ਡਾ. ਹਰਪ੍ਰੀਤ ਸਿੰਘ ਨੇ ਯੂਨੀਵਰਸਿਟੀ ਦੇ 14 ਸਾਲਾਂ ਦੇ ਸਫ਼ਰ ਅਤੇ ਖੋਜ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਪ੍ਰਕਾਸ਼ਨ ਬਿਊਰੋ ਦੇ ਸਹਾਇਕ ਨਿਰਦੇਸ਼ਕ ਪ੍ਰੋ. ਧਰਮਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਕਿਤਾਬਾਂ ਦੇ ਲੇਖਕਾਂ ਅਤੇ ਸੰਪਾਦਕਾਂ ’ਚ ਕੁਲਪਤੀ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਪ੍ਰਧਾਨ ਡਾ. ਸੰਦੀਪ ਸਿੰਘ, ਉਪ-ਕੁਲਪਤੀ ਪ੍ਰੋ. (ਡਾ.) ਹਰਸ਼ ਸਦਾਵਰਤੀ ਅਤੇ ਡੀਨ ਡਾ. ਐਸਐਸ ਸਮਲ ਸ਼ਾਮਲ ਹਨ। ਡਾ. ਸੋਹੇਬ ਖਾਨ ਨੇ ਪ੍ਰਕਾਸ਼ਿਤ ਕਿਤਾਬਾਂ ਅਤੇ ਅਧਿਆਪਕਾਂ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਬੰਧਕੀ ਕਮੇਟੀ ਮੈਂਬਰ ਐਡਵੋਕੇਟ ਹਰਦੇਵ ਸਿੰਘ ਵੱਲੋਂ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ 11,000 ਰੁਪਏ ਦੇ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੂਬਿਆਂ ਦੇ ਲੋਕ-ਨਾਚਾਂ ਦੀ ਪੇਸ਼ਕਾਰੀ ਵਾਲਾ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਦਾ ਤਾਲਮੇਲ ਮੀਡੀਆ ਨਿਰਦੇਸ਼ਕ ਡਾ. ਸੁਰਜੀਤ ਕੌਰ ਪਥੇਜਾ ਅਤੇ ਡੀਨ ਡਾ. ਅਜੋਏ ਬੱਤਾ ਨੇ ਕੀਤਾ।