ਡੀਈਓ ਨੇ ਨਵੇਂ ਵਿਦਿਆਰਥੀਆਂ ਦਾ ਕੀਤਾ ਸਵਾਗਤ
ਡੀਈਓ ਨੇ ਅਮਲੋਹ ਦੇ ਸਰਕਾਰੀ ਸਕੂਲਾਂ ਵਿਚ ਜਾ ਕੇ ਨਵੇਂ ਵਿਦਿਆਰਥੀਆਂ ਦਾ ਕੀਤਾ ਸਵਾਗਤ
Publish Date: Fri, 03 Apr 2026 05:27 PM (IST)
Updated Date: Fri, 03 Apr 2026 05:31 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਨਵੇਂ ਵਿੱਦਿਅਕ ਸੈਸ਼ਨ ਦੇ ਸ਼ੁਰੂਆਤੀ ਦਿਨ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਵਿੰਦਰ ਕੌਰ ਨੇ ਪੀਐੱਮ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਅਮਲੋਹ, ਸਰਕਾਰੀ ਹਾਈ ਸਕੂਲ ਖਨਿਆਣ ਅਤੇ ਸਰਕਾਰੀ ਮਿਡਲ ਸਕੂਲ ਲੱਖਾ ਸਿੰਘ ਵਾਲਾ ਵਿਖੇ ਪਹੁੰਚ ਕੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਰਕਾਰੀ ਸਕੂਲਾਂ ਵਿਚ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਸਕੂਲ ਮੁਖੀ ਅਤੇ ਅਧਿਆਪਕਾਂ ਨਾਲ ਮੀਟਿੰਗ ਕੀਤੀ ਤੇ ਬਣਦੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਖਨਿਆਣ ਵਿਚ ਪੀਐੱਮ ਯੋਜਨਾ ਅਧੀਨ ਲਗਭਗ 35 ਲੱਖ ਦੀ ਗ੍ਰਾਂਟ ਨਾਲ ਸਕੂਲ ਨਵੀਂ ਕੰਪਿਊਟਰ ਲੈਬ, ਨਵੇਂ ਬਣੇ ਲੜਕੀਆਂ ਦੇ ਆਧੁਨਿਕ ਵਾਸ਼ਰੂਮ, ਕਿਚਨ ਗਾਰਡਨ, ਫਰਸ਼ਾਂ ਉੱਪਰ ਟਾਈਲ ਵਰਕ ਆਦਿ ਕਰਵਾਇਆ ਜਾ ਰਿਹਾ ਹੈ। ਇਸ ਕੰਮ ਲਈ ਉਨ੍ਹਾਂ ਉਚੇਚੇ ਤੌਰ ’ਤੇ ਸਕੂਲ ਇੰਚਾਰਜ ਹਰਮੀਤ ਸਿੰਘ ਦੀ ਸ਼ਲਾਘਾ ਕੀਤੀ। ਉਨ੍ਹਾਂ ਸਕੂਲਾਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵਿਸਥਾਰ ਵਿਚ ਚਰਚਾ ਕੀਤੀ ਅਤੇ ਮਾਪਿਆਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਕੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ ਲਈ ਕਿਹਾ। ਰਵਿੰਦਰ ਕੌਰ ਨੇ ਅਧਿਆਪਕਾਂ ਨੂੰ ਹਿਦਾਇਤ ਕੀਤੀ ਕਿ ਮਿਡ ਡੇ ਮੀਲ ਸਬੰਧੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸ ਉਪਰੰਤ ਉਨ੍ਹਾਂ ਬਲਾਕ ਅਮਲੋਹ ਅਤੇ ਮੰਡੀ ਗੋਬਿੰਦਗੜ੍ਹ ਦੇ ਸਲੂਕ ਮੁਖੀਆਂ ਨਾਲ ਸਕੂਲ ਆਫ਼ ਐਮੀਨੈਂਸ ਅਮਲੋਹ ਵਿਖੇ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਵਿਭਾਗੀ ਅਕਾਦਮਿਕ ਹਿਦਾਇਤਾਂ ਜਿਵੇਂ ਨਵੇਂ ਸੈਸ਼ਨ ਦੀ ਸਮਾਂ ਸਾਰਣੀ, ਮਿਸ਼ਨ ਸਮਰੱਥ 4. 0 ਨੂੰ ਲਾਗੂ ਕਰਨਾ, ਸਿਲੇਬਸ ਵਿਦਿਆਰਥੀਆਂ ਨੂੰ ਲਿਖਵਾਉਣਾ ਕਿਤਾਬਾਂ ਦੀ ਵੰਡ ਸਮੇਂ ਸਿਰ ਕਰਵਾਈ ਜਾਵੇ। ਇਸ ਮੌਕੇ ਉਨ੍ਹਾਂ ਅਧਿਆਪਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਜਿਨਾਂ ਵਿੱਚੋਂ ਕਈਆਂ ਦਾ ਤੁਰੰਤ ਨਿਪਟਾਰਾ ਕੀਤਾ ਅਤੇ ਉੱਚ ਅਧਿਕਾਰੀਆਂ ਨੂੰ ਭੇਜੀਆਂ ਜਾਣ ਵਾਲੀਆਂ ਸਮੱਸਿਆਵਾਂ ਬਲਾਕ ਨੋਡਲ ਅਫ਼ਸਰ ਦੁਆਰਾ ਲਿਖ ਕੇ ਭੇਜਣ ਲਈ ਕਿਹਾ।