
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

175 ਪਿੰਡਾਂ ਦਾ ਮਾਲ ਰਿਕਾਰਡ ਨਵੀਂ ਤਹਿਸੀਲ ਇਮਾਰਤ ’ਚ ਤਬਦੀਲ ਕਰਨ ਦੀ ਮੰਗ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਹਰਿੰਦਰ ਸਿੰਘ ਚਨਾਰਥਲ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਤੋਂ ਮੰਗ ਪੱਤਰ ਰਾਹੀਂ ਤਹਿਸੀਲ ਦੇ 175 ਪਿੰਡਾਂ ਦਾ ਅਹਿਮ ਮਾਲ ਰਿਕਾਰਡ ਪੁਰਾਣੀ ਖਸਤਾਹਾਲ ਇਮਾਰਤ ’ਚੋਂ ਤੁਰੰਤ ਨਵੀਂ ਤਹਿਸੀਲ ਇਮਾਰਤ ’ਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਇਮਾਰਤ ਵਿਚ ਪਏ ਇਸ ਰਿਕਾਰਡ ਦੇ ਖ਼ਰਾਬ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਲੋਕ ਹਿੱਤ ਅਤੇ ਕਿਸਾਨਾਂ ਨਾਲ ਸਬੰਧਤ ਇਸ ਅਹਿਮ ਦਸਤਾਵੇਜ਼ੀ ਰਿਕਾਰਡ ਨੂੰ 7 ਸਤੰਬਰ 2026 ਤੱਕ ਸੁਰੱਖਿਅਤ ਢੰਗ ਨਾਲ ਨਵੀਂ ਇਮਾਰਤ ’ਚ ਸ਼ਿਫ਼ਟ ਕੀਤਾ ਜਾਵੇ ਅਤੇ ਇਸ ਦਾ ਡਿਜੀਟਾਈਜ਼ੇਸ਼ਨ ਵੀ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਪਟਵਾਰੀ ਪ੍ਰੀਤਇੰਦਰ ਸਿੰਘ ਨੂੰ ਮੁੜ ਫਤਹਿਗੜ੍ਹ ਸਾਹਿਬ ਵਿਖੇ ਤਾਇਨਾਤ ਕਰਨ ਦੀ ਮੰਗ ਵੀ ਰੱਖੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਯੂਨੀਅਨ 8 ਸਤੰਬਰ 2026 ਨੂੰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰੇਗੀ। ਇਸ ਮੌਕੇ ਸੂਬਾ ਖ਼ਜ਼ਾਨਚੀ ਰਣਜੀਤ ਸਿੰਘ ਚਨਾਰਥਲ, ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ, ਨਿਰਮਲ ਸਿੰਘ, ਰਾਜੂ ਸਿੰਘ ਜਾਲਖੇੜੀ, ਕੁਲਵੰਤ ਸਿੰਘ ਰਜਿੰਦਰ ਨਗਰ, ਗੁਰਦਿਆਲ ਸਿੰਘ, ਪ੍ਰਦੀਪ ਸਿੰਘ ਅਤੇ ਬਲਜਿੰਦਰ ਸਿੰਘ ਮੌਜੂਦ ਸਨ।