ਪੰਜਾਬ ਵਿਚ ਵਧਦੇ ਪ੍ਰਦੂਸ਼ਣ ਦੇ ਮਾਮਲੇ ’ਚ ਰਾਜਪਾਲ ਨੂੰ ਦਿੱਤਾ ਮੰਗ ਪੱਤਰ
ਪੰਜਾਬ ਵਿਚ ਵਧਦੇ ਪ੍ਰਦੂਸ਼ਣ ਦੇ ਮਾਮਲੇ ’ਚ ਰਾਜਪਾਲ ਨੂੰ ਦਿੱਤਾ ਮੰਗ ਪੱਤਰ
Publish Date: Wed, 01 Apr 2026 07:30 PM (IST)
Updated Date: Wed, 01 Apr 2026 07:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਭਾਜਪਾ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਪੰਜਾਬ ਦੇ ਰਾਜਪਾਲ ਨੂੰ ਮੈਮੋਰੈਂਡਮ ਦੇ ਕੇ ਸੂਬੇ ਵਿਚ ਵੱਧ ਰਹੇ ਪ੍ਰਦੂਸ਼ਣ ਨੂੰ ਖਤਮ ਕਰਨ ਅਤੇ ਕੁਦਰਤੀ ਵਾਤਾਵਰਣ ਨੂੰ ਬਚਾਉਣ ਲਈ ਸਰਕਾਰ ਨੂੰ ਤੁਰੰਤ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਹੈ। ਡਾ. ਹਰਬੰਸ ਲਾਲ ਨੇ ਆਪਣੇ ਮੈਮੋਰੈਂਡਮ ਵਿਚ ਲਿਖਿਆ ਕਿ ਪੰਜਾਬ ਵਿਚ ਹਵਾ, ਪਾਣੀ ਅਤੇ ਭੋਜਨ ਦੂਸ਼ਿਤ ਹੋ ਚੁੱਕੇ ਹਨ ਜਿਸ ਕਾਰਨ ਲੋਕਾਂ ਦੀ ਉਮਰ ਘਟ ਰਹੀ ਹੈ ਅਤੇ ਛੋਟੀ ਉਮਰ ਵਿਚ ਗੰਭੀਰ ਬਿਮਾਰੀਆਂ ਨਾਲ ਮੌਤਾਂ ਵਧ ਰਹੀਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡਾ ਖਤਰਾ ਬਣ ਰਿਹਾ ਹੈ। ਸਾਬਕਾ ਮੰਤਰੀ ਨੇ ਰੁੱਖਾਂ ਦੀ ਸਾਂਭ ਸੰਭਾਲ ਲਈ ਸਖ਼ਤ ਕਾਨੂੰਨ ਬਣਾਉਣ, ਮਾਲਕੀ ਜ਼ਮੀਨ ਤੇ ਰੁੱਖ ਕੱਟਣ ਤੋਂ ਰੋਕ ਲਗਾਉਣ ਅਤੇ ਸਕੂਲਾਂ ਕਾਲਜਾਂ ਵਿਚ ਬੱਚਿਆਂ ਨੂੰ ਰੁੱਖ ਲਾਉਣ ਦੀ ਭਾਵਨਾ ਪੈਦਾ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਆਉਣ ਵਾਲੇ ਇੱਕ ਸਾਲ ਵਿਚ ਪੇਂਡੂ ਇਲਾਕਿਆਂ ਵਿਚ 500 ਨਵੀਆਂ ਆਧੁਨਿਕ ਨਰਸਰੀਆਂ ਬਣਾਉਣ ਅਤੇ ਫਲਦਾਰ ਰੁੱਖਾਂ ਵਾਲੇ ਪੋਦੇ ਵੱਧ ਤੋਂ ਵੱਧ ਤਿਆਰ ਕਰਨ ਦੀ ਮੰਗ ਕੀਤੀ। ਡਾ. ਹਰਬੰਸ ਲਾਲ ਨੇ ਸੜਕਾਂ ਦੇ ਦੋਵੇਂ ਪਾਸਿਆਂ ਤੇ ਵੱਡੀ ਮੁਹਿੰਮ ਚਲਾ ਕੇ ਰੁੱਖ ਲਗਾਉਣ, ਸਮਾਜ ਸੇਵੀ ਸੰਗਠਨਾਂ ਧਾਰਮਿਕ ਜਥੇਬੰਦੀਆਂ ਅਤੇ ਗੁਰਦੁਆਰਿਆਂ ਰਾਹੀਂ ਮੁਫ਼ਤ ਪੋਦੇ ਵੰਡਣ ਅਤੇ ਬਰਸਾਤੀ ਮੌਸਮ ਵਿਚ ਨਰਸਰੀਆਂ ਤੋਂ ਮੁਫ਼ਤ ਪੌਦੇ ਉਪਲਬਧ ਕਰਵਾਉਣ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਫਤਹਿਗੜ੍ਹ ਸਾਹਿਬ ਵਿਚ 1992 ਵਿਚ ਬਣਾਈ ਗਈ ਜੰਗਲਾਤ ਡਵੀਜ਼ਨ ਨੂੰ ਮੁੜ ਬਹਾਲ ਕਰਨ ਦੀ ਅਪੀਲ ਕੀਤੀ। ਸਾਬਕਾ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਸੜਕਾਂ ਚੌੜੀਆਂ ਕਰਨ ਲਈ ਵੱਡੇ ਰੁੱਖ ਕੱਟਣ ਨਾਲ ਪੰਛੀਆਂ ਦੀਆਂ ਕਈ ਕਿਸਮਾਂ ਅਲੋਪ ਹੋ ਰਹੀਆਂ ਹਨ। ਉਨ੍ਹਾਂ ਹਰ ਸਾਲ 20 ਮਾਰਚ ਨੂੰ ਵਿਸ਼ਵ ਚਿੜੀ ਦਿਵਸ ਮਨਾਉਣ ਅਤੇ ਗਰਮੀਆਂ ਵਿਚ ਪੰਛੀਆਂ ਤੇ ਜਾਨਵਰਾਂ ਲਈ ਪਾਣੀ ਦੀ ਵਿਵਸਥਾ ਕਰਨ ਦੀ ਅਪੀਲ ਕੀਤੀ।