- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਵੱਲੋਂ ਐਸਐਮਓ ਨੂੰ ਮੰਗ ਪੱਤਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋਂ : ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਕੌਰ ਦੀ ਅਗਵਾਈ ਹੇਠ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਐੱਸਐੱਮਓ ਕੰਵਰਦੀਪ ਸਿੰਘ ਦੇ ਨਾਂ ਡਾ. ਨਵਜੋਤ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਜ਼ਿਲ੍ਹਾ ਪ੍ਰਧਾਨ ਹਰਜਿੰਦਰ ਕੌਰ ਨੇ ਦੱਸਿਆ ਕਿ ਮੰਗਾਂ ਦੇ ਹੱਲ ਲਈ ਵਰਕਰਾਂ ਵੱਲੋਂ 5 ਤੋਂ 15 ਸਤੰਬਰ ਤੱਕ ਕੰਮ ਛੱਡ ਹੜਤਾਲ ਕੀਤੀ ਜਾ ਰਹੀ ਹੈ। ਇਸ ਨਾਲ ਗਰਭਵਤੀ ਔਰਤਾਂ ਦੀ ਦੇਖਭਾਲ, ਜੱਚਾ-ਬੱਚਾ ਟੀਕਾਕਰਨ ਤੇ ਟੀਬੀ ਦੇ ਮਰੀਜ਼ਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋਣਗੀਆਂ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ। ਅਮਰਾਲਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ’ਚ ਘੱਟੋ-ਘੱਟ ਉਜਰਤ ਕਾਨੂੰਨ ਤਹਿਤ 24000 ਰੁਪਏ ਤਨਖ਼ਾਹ ਦੇਣਾ, 2500 ਰੁਪਏ ਦੇ ਮਾਣ ਭੱਤੇ ’ਚ ਤਿੰਨ ਗੁਣਾ ਵਾਧਾ ਸਮੇਤ ਇਨਕਰੀਮੈਂਟ ਲਾਗੂ ਕਰਨਾ, ਹਰਿਆਣਾ ਪੈਟਰਨ ਲਾਗੂ ਕਰਨਾ, ਫੈਸਿਲੀਟੇਟਰਾਂ ਦਾ ਟੂਰ ਭੱਤਾ 500 ਰੁਪਏ ਕਰਨਾ, ਇਨਸੈਂਟਿਵ ਦੁੱਗਣੇ ਕਰਨਾ ਤੇ ਆਨਲਾਈਨ ਕੰਮ ਲਈ ਸਮਾਰਟਫੋਨ ਜਾਂ ਟੈਬ ਮੁਹੱਈਆ ਕਰਵਾਉਣਾ ਸ਼ਾਮਲ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ’ਚ ਸਤੰਬਰ ਦੇ ਆਖ਼ਰੀ ਹਫ਼ਤੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਹਲਕਿਆਂ ’ਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਮੀਤ ਪ੍ਰਧਾਨ ਸੁਖਜੀਤ ਕੌਰ, ਨਵਜੋਤ ਸਿੰਘ, ਕੁਲਦੀਪ ਸਿੰਘ ਫਾਰਮੇਸੀ ਅਫ਼ਸਰ, ਹਰਪ੍ਰੀਤ ਸਿੰਘ ਫਾਰਮੇਸੀ ਅਫ਼ਸਰ, ਲਾਲਦੀਨ, ਸੁਰਿੰਦਰ ਕੌਰ ਅਤੇ ਰਣਜੀਤ ਕੌਰ ਸਮੇਤ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।